19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅੰਮਿ੍ਤਸਰ ਸ਼ਹਿਰ 'ਚ 50 ਹਜ਼ਾਰ ਦੇ ਕਰੀਬ ਲਾਵਾਰਸ ਕੁੱਤੇ, ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਨਿਗਮ ਨੂੰ ਬਣਾਉਣੇ ਪੈਣਗੇ ਨਵੇਂ 'ਸ਼ੈਲਟਰ ਹਾਊਸ' <br/>

ਸੜਕਾਂ 'ਤੇ ਘੁੰਮਦੇ ਲਾਵਾਰਸ ਕੱੁਤੇ | ਤਸਵੀਰ: ਹਰਜੀਤ ਸਿੰਘ <br/> 23-05-2026
ਅੰਮਿ੍ਤਸਰ, 22 ਮਈ (ਹਰਮਿੰਦਰ ਸਿੰਘ)-ਲਾਵਾਰਸ ਕੁੱਤਿਆਂ ਸੰਬੰਧੀ ਸੁਪਰੀਮ ਕੋਰਟ ਵਲੋਂ ਸਖ਼ਤ ਹੁਕਮ ਜਾਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸਕੂਲਾਂ ਤੇ ਜਨਤਕ ਥਾਵਾਂ ਤੋਂ ਲਾਵਾਰਸ ਕੁੱਤੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਪਰ ਅੰਮਿ੍ਤਸਰ ਨਗਰ ਨਿਗਮ ਵਲੋਂ ਅਜਿਹੇ ਕੁੱਤਿਆਂ ਨੂੰ ਰੱਖਣ ਲਈ ਅਜੇ ਕੋਈ ਵਧੇਰੇ ਪ੍ਰਬੰਧ ਨਹੀਂ ਹੈ | ਇਸ ਤੋਂ ਇਲਾਵਾ ਨਿਗਮ ਵਲੋਂ ਕਿਸ ਤਰ੍ਹਾਂ ਦੇ ਕੁੱਤਿਆਂ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ ਸਰਕਾਰ ਦੇ ਅਜਿਹੇ ਕੋਈ ਸਪਸ਼ਟ ਨਿਰਦੇਸ਼ ਵੀ ਨਹੀਂ ਆਏ | ਦੇਸ਼ ਭਰ 'ਚ ਲਾਵਾਰਸ ਕੁੱਤਿਆਂ ਦੇ ਹਮਲਿਆਂ ਦੀਆਂ ਘਟਨਾਵਾਂ ਆਮ ਹੀ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਵਲੋਂ ਇਨ੍ਹਾਂ ਲਾਵਾਰਸ ਕੁੱਤਿਆਂ 'ਚ ਖ਼ੰੂਖ਼ਾਰ ਕੁੱਤਿਆਂ ਨੂੰ ਮਾਰਨ ਸਮੇਤ ਕਈ ਹੋਰ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ | ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੂਡ ਵਿਚ ਹੈ ਤੇ ਉਸ ਵਲੋਂ ਵੀ ਸਕੂਲਾਂ ਤੇ ਜਨਤਕ ਥਾਵਾਂ ਤੋਂ ਲਾਵਾਰਸ ਕੁੱਤਿਆਂ ਨੂੰ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ | ਨਗਰ ਨਿਗਮ ਅੰਮਿ੍ਤਸਰ ਵਲੋਂ ਪਹਿਲਾਂ ਹੀ ਲਾਵਾਰਸ ਕੁੱਤਿਆਂ ਦੀ ਨਸਬੰਦੀ ਸਬੰਧੀ ਮੁਹਿੰਮ ਚਲਾਈ ਗਈ ਹੈ, ਜਿਨ੍ਹਾਂ ਕੁੱਤਿਆਂ ਨੂੰ ਨਸਬੰਦੀ ਲਈ ਲਿਆਂਦਾ ਜਾਂਦਾ ਹੈ ਉਨ੍ਹਾਂ ਨੂੰ ਚਾਰ ਤੋਂ ਪੰਜ ਦਿਨ ਤੱਕ ਨਿਗਮ ਵਲੋਂ ਹਾਥੀ ਗੇਟ ਨੇੜੇ ਸਥਿਤ ਜਾਨਵਰਾਂ ਦੇ ਸਰਕਾਰੀ ਹਸਪਤਾਲ ਵਿਚ ਰੱਖਿਆ ਜਾਂਦਾ ਹੈ ਤੇ ਨਿਗਮ ਕੋਲ ਇਸ ਵੇਲੇ ਇਸ ਤੋਂ ਇਲਾਵਾ ਕੋਈ ਹੋਰ ਜਗ੍ਹਾ ਨਹੀਂ ਹੈ | ਦੂਸਰੇ ਪਾਸੇ ਸਰਕਾਰ ਵਲੋਂ ਇਹ ਸਪਸ਼ਟ ਨਹੀਂ ਕੀਤਾ ਕਿ ਕਿਸ ਤਰ੍ਹਾਂ ਦੇ ਕੁੱਤਿਆਂ ਨੂੰ ਚੁੱਕਿਆ ਜਾਣਾ ਹੈ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਰੱਖਿਆ ਜਾਣਾ ਹੈ | ਇਸ ਸਬੰਧੀ ਅਜੇ ਤੱਕ ਸਪਸ਼ਟ ਆਦੇਸ਼ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ | ਉਕਤ ਮਾਮਲਾ ਬੇਜ਼ੁਬਾਨਾਂ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਹਰ ਕਦਮ ਸੋਚ ਸੋਚ ਕੇ ਰੱਖਣ ਵੱਲ ਵੀ ਧਿਆਨ ਦਿੱਤਾ ਜਾਵੇਗਾ | ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕੁਝ ਸਮਾਂ ਪਹਿਲਾਂ ਕਰਵਾਏ ਇਕ ਸਰਵੇਖਣ ਦੌਰਾਨ 40 ਹਜ਼ਾਰ ਲਾਵਾਰਸ ਕੁੱਤੇ ਸ਼ਹਿਰ 'ਚ ਹੋਣ ਦੀ ਰਿਪੋਰਟ ਤਿਆਰ ਕੀਤੀ ਗਈ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਲਾਵਾਰਸ ਕੁੱਤਿਆਂ ਦੀ ਨਸਬੰਦੀ ਸੰਬੰਧੀ ਤਿੰਨ ਸਾਲ ਪਹਿਲਾਂ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਹੁਣ ਤੱਕ 30 ਹਜ਼ਾਰ ਦੇ ਕਰੀਬ ਲਾਵਾਰਸ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ ਅਤੇ ਹੋਰ ਕੁੱਤਿਆਂ ਦੀ ਨਸਬੰਦੀ ਸੰਬੰਧੀ ਨਵੇਂ ਸਿਰੇ ਤੋਂ ਟੈਂਡਰ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਿਹੜੇ ਕੁੱਤਿਆਂ ਨੂੰ ਚੁੱਕਣਾ ਹੈ ਇਸ ਸੰਬੰਧੀ ਸਰਕਾਰੀ ਤੌਰ 'ਤੇ ਸਪਸ਼ਟ ਆਦੇਸ਼ਾਂ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ | ਅੱਜ ਵੀ ਇਸ ਸੰਬੰਧ ਵਿਚ ਸੂਬਾ ਪੱਧਰ 'ਤੇ ਆਨਲਾਈਨ ਬੈਠਕ ਹੋਈ ਹੈ, ਜਿਸ 'ਚ ਕਈ ਸੁਝਾਅ ਆਏ ਹਨ | ਸਰਕਾਰ ਦੀਆਂ ਜੋ ਹਦਾਇਤਾਂ ਆਉਣਗੀਆਂ ਉਨ੍ਹਾਂ ਅਨੁਸਾਰ ਲਾਵਾਰਸ ਕੁੱਤਿਆਂ ਨੂੰ ਚੁੱਕਿਆ ਜਾਵੇਗਾ ਅਤੇ ਉਨ੍ਹਾਂ ਨੂੰ ਰੱਖਣ ਲਈ ਹੋਰ 'ਸ਼ੈਲਟਰ ਹਾਊਸ' ਬਣਾਏ ਜਾਣਗੇ | ਉਨ੍ਹਾਂ ਦੱਸਿਆ ਹਾਲ ਦੀ ਘੜੀ ਨਿਗਮ ਕੋਲ ਜਾਨਵਰਾਂ ਦਾ ਆਪਣਾ ਹਸਪਤਾਲ ਹੈ ਜਿਸ 'ਚ ਕੁੱਤੇ ਰੱਖੇ ਜਾ ਸਕਦੇ ਹਨ |

ਪਿਛਲੀ ਖ਼ਬਰ ਪਿੰਡ ਥੋਬਾ ਵਾਸੀਆਂ ਨੇ ਭਾਕਿਯੂ ਏਕਤਾ ਦੀ ਅਗਵਾਈ 'ਚ ਪਾਵਰਕਾਮ ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਸੰਬੰਧੀ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।