ਜੰਡਿਆਲਾ ਗੁਰੂ, 29 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਪਿੰਡ (ਨੇੜੇ ਬੰਡਾਲਾ) ਵਿਖੇ ਮੈਗਾ ਪੀ. ਟੀ. ਐੱਮ. ਐੱਫ. ਐੱਨ.ਐੱਲ. ਮੇਲਾ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਗਰੈਜੂਏਸ਼ਨ ਸੇਰੇਮਨੀ ਸਕੂਲ ਮੁੱਖੀ ਮੈਡਮ ਸੁਖਮੀਨ ਕੌਰ ਦੇ ਪ੍ਰਬੰਧਾਂ ਹੇਠ ਕਰਵਾਈ ਗਈ, ਜਿਸ ਵਿਚ ਸਿਮਰਜੀਤ ਕੌਰ ਅਤੇ ਮੇਘਾ ਮਲਹੋਤਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਕੂਲ ਮੁਖੀ ਸੁਖਮੀਨ ਕੌਰ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਦਿਲ ਲਗਾ ਕੇ ਪੜ੍ਹਨ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਿੱਦਿਆ ਦਾ ਪ੍ਰਾਪਤ ਕੀਤਾ ਹੋਣਾਂ ਬਹੁਤ ਜਰੂਰੀ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅਧਿਆਪਕਾਂ ਤੇ ਮਾਪਿਆਂ ਦਾ ਆਗਿਆਕਾਰੀ ਹੋਣ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣਾਂ ਚਾਹੀਦਾ ਹੈ ਕਿਉਂਕਿ ਅੱਜ ਖੇਡਾਂ ਵਿਚ ਭਵਿੱਖ ਬਹੁਤ ਉਜਵਲ ਹੈ ਅਤੇ ਖੇਡਾਂ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ਤੇ ਹੋਰ ਮਜਬੂਤ ਹੁੰਦਾ ਹੈ | ਇਸ ਦੌਰਾਨ ਬੱਚਿਆਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਗਿੱਧਾ, ਭੰਗੜਾ, ਸੋਲੋ ਡਾਂਸ ਆਦਿ ਪੇਸ਼ ਕਰਕੇ ਮਨ ਮੋਹਿਆ | ਸਕੂਲ ਮੁਖੀ ਸੁਖਮੀਨ ਕੌਰ ਤੇ ਅਸੋਸ਼ੀਏਟ ਟੀਚਰ ਗੁਰਪ੍ਰੀਤ ਕੌਰ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ | ਇਸ ਮੌਕੇ ਪ੍ਰਭਜੋਤ ਕੌਰ, ਕੁਲਵੰਤ ਕੌਰ, ਹਰਜੀਤ ਕੌਰ, ਰਾਜ ਕੌਰ, ਐੱਸ.ਐੱਮ.ਸੀ. ਮੈਂਬਰਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ |