ਅੰਮਿ੍ਤਸਰ, 26 ਮਾਰਚ (ਰੇਸ਼ਮ ਸਿੰਘ)-ਵਿਸ਼ਵ ਪੱਧਰ 'ਤੇ ਬਣ ਰਹੇ ਜੰਗੀ ਹਾਲਾਤਾਂ ਦੇ ਮੱਦੇਨਜ਼ਰ ਦੇਸ਼ ਅੰਦਰ ਪੈਟਰੋਲ/ਡੀਜ਼ਲ ਦੀ ਕਮੀ ਸੰਬੰਧੀ ਫ਼ੈਲ ਰਹੀਆਂ ਅਫ਼ਵਾਹਾਂ ਕਾਰਨ ਅੱਜ ਛੇਹਰਟਾ ਸਣੇ ਸ਼ਹਿਰ ਦੇ ਕੁਝ ਪੰਪ ਬੰਦ ਹੋਣ 'ਤੇ ਬਾਕੀਆਂ ਮੂਹਰੇ ਲੱਗੀਆਂ ਲੰਮੀਆਂ ਕਤਾਰਾਂ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦਾ ਪ੍ਰਤੀਕਰਮ ਆ ਗਿਆ ਹੈ | ਜਦੋਂ ਕਿ ਡੀ. ਸੀ. ਦਲਵਿੰਦਰਜੀਤ ਸਿੰਘ ਨੇ ਕਿਹਾ ਲੋਕ ਅਫ਼ਵਾਹਾਂ ਤੋਂ ਬਚਣ ਕਿਉਂਕਿ ਸਪਲਾਈ ਬੰਦ ਹੋਣ ਦੀਆਂ ਅਫ਼ਵਾਹਾਂ ਨਿਰਾਧਾਰ ਹਨ | ਡੀ. ਸੀ. ਸ੍ਰੀ ਸਿੰਘ ਦੇ ਨਿਰਦੇਸ਼ਾਂ ਤਹਿਤ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਸ੍ਰੀਮਤੀ ਹਰਵੀਨ ਕੌਰ ਵਲੋਂ ਜ਼ਿਲ੍ਹਾ ਅੰਮਿ੍ਤਸਰ ਦੇ ਵੱਖ-ਵੱਖ ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ | ਮੀਟਿੰਗ ਦੌਰਾਨ ਵੱਖ-ਵੱਖ ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਵਲੋਂ ਦੱਸਿਆ ਗਿਆ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਵਿਚ ਫ਼ੈਲ ਰਹੀਆਂ ਅਫ਼ਵਾਹਾਂ ਕਾਰਨ ਕੁਝ ਲੋਕ ਵਾਧੂ ਪੈਟਰੋਲ/ਡੀਜ਼ਲ ਖਰੀਦ ਕੇ ਜਮ੍ਹਾਂ ਕਰ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿਚ ਪੈਟਰੋਲ/ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਸਧਾਰਣ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ | ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਫ਼ਵਾਹਾਂ ਤੋਂ ਬਚਦੇ ਹੋਏ ਬਿਨਾਂ ਲੋੜ ਵਾਧੂ ਪੈਟਰੋਲ/ਡੀਜ਼ਲ ਖਰੀਦ ਕੇ ਜਮ੍ਹਾਂ ਨਾ ਕੀਤਾ ਜਾਵੇ |