12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

'ਅੰਮਿ੍ਤਸਰ ਸਾਹਿਤ ਉਤਸਵ' ਦੇ ਦੂਜੇ ਦਿਨ ਧਰਮ, ਵਿਗਿਆਨ ਅਤੇ ਏ.ਆਈ. ਦੇ ਵਿਸ਼ਿਆਂ 'ਤੇ ਵਿਦਵਾਨਾਂ ਵਲੋਂ ਵਿਚਾਰ ਚਰਚਾ

ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਜਸਵੰਤ ਸਿੰਘ ਜੱਸ)-ਨਾਦ ਪ੍ਰਗਾਸੁ ਵਲੋਂ ਇੱਥੇ ਕਰਵਾਏ ਜਾ ਰਹੇ ਤਿੰਨ ਦਿਨਾ 11ਵੇਂ ਅੰਮਿ੍ਤਸਰ ਸਾਹਿਤ ਉਤਸਵ ਦੇ ਦੂਜੇ ਦਿਨ ਵੱਖ-ਵੱਖ ਵੰਨਗੀਆਂ ਨਾਲ ਸੰਬੰਧਿਤ ਸੈਮੀਨਾਰ, ਵਿਚਾਰ ਚਰਚਾ ਅਤੇ ਵਿਸ਼ੇਸ਼ ਭਾਸ਼ਨਾਂ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਵਾਨਾਂ ਵਲੋਂ ਧਰਮ, ਵਿਗਆਨ ਅਤੇ ਏ.ਆਈ. ਦੇ ਵਿਸ਼ਆਂ ਉੱਪਰ ਵਿਚਾਰ ਚਰਚਾ ਕੀਤੀ ਗਈ | ਅੱਜ ਦਾ ਪਹਿਲਾ ਸਮਾਗਮ ਧਰਮ ਅਧਿਐਨ ਦੇ ਵਿਸ਼ੇ ਨਾਲ ਸੰਬੰਧਿਤ ਵਿਚਾਰ ਚਰਚਾ 'ਤੇ ਅਧਾਰਿਤ ਸੀ ਜਿਸ ਵਿਚ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਅਜ਼ਮੀਨਾ ਅਖ਼ਤਰ, ਮਹਿਕ ਅਗਰਵਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀਰਾ ਸਿੰਘ, ਸੈਂਟਰਲ ਯੂਨੀਵਰਸਿਟੀ ਕਸ਼ਮੀਰ ਤੋਂ ਗੁਰਦੀਪ ਸਿੰਘ ਨੇ ਭਾਗ ਲਿਆ | ਇਸ ਵਿਚਾਰ ਚਰਚਾ ਦਾ ਆਰੰਭ ਪੰਜਾਬ ਯੂਨੀਵਰਸਿਟੀ ਤੋਂ ਡਾ. ਸੁਖਵਿੰਦਰ ਸਿੰਘ ਨੇ ਧਰਮ ਨੂੰ ਅਧਿਐਨ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦੇ ਸੰਦਰਭ ਵਿਚ ਆਪਣਾ ਖੋਜ ਪੱਤਰ ਪ੍ਰਸਤੁਤ ਕੀਤਾ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਗਗਨਜੋਤ ਕੌਰ, ਕਮਲਾ ਨਹਿਰੂ ਕਾਲਜ ਨਵੀਂ ਦਿੱਲੀ ਨੇ ਕਿਹਾ ਕਿ ਧਰਮ ਨੂੰ ਅਧਿਐਨ ਕਰਨਾ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਜ਼ਿੰਮੇਵਾਰੀ ਵਾਲਾ ਕਾਰਜ ਹੈ, ਜਿਸ ਲਈ ਸਿਰਫ਼ ਅਤੇ ਸਿਰਫ਼ ਪ੍ਰਾਪਤ ਖੋਜ ਵਿਧੀਆਂ ਉੱਪਰ ਨਿਰਭਰ ਨਹੀਂ ਹੋਇਆ ਜਾ ਸਕਦਾ, ਸਗੋਂ ਉਨ੍ਹਾਂ ਦੀ ਮਦਦ ਨਾਲ ਧਰਮ ਦੀ ਵਿਲੱਖਣਤਾ ਉਭਾਰਨ ਵਾਲੇ ਸਰੋਕਾਰਾਂ ਵਾਲੀ ਵਿਧੀ ਵੀ ਉਸਾਰੀ ਜਾਣੀ ਚਾਹੀਦੀ ਹੈ |
ਦੂਜਾ ਸਮਾਗਮ ਪਾਪੂਲਰ ਸੱਭਿਆਚਾਰ, ਏ.ਆਈ. ਅਤੇ ਅਕਾਦਮਿਕਤਾ ਦੁਆਰਾ ਵਿੱਦਿਆ ਦੇ ਪ੍ਰਸਾਰ ਵਿਚ ਪਾਏ ਜਾ ਰਹੇ ਯੋਗਦਾਨ ਨਾਲ ਸੰਬੰਧਿਤ ਸੀ, ਜਿਸ ਵਿਚ ਆਮਿਟੀ ਯੂਨੀਵਰਸਿਟੀ, ਨੋਇਡਾ ਤੋਂ ਡਾ. ਚੇਤਨਾ ਤਿ੍ਵੇਦੀ, ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਦੇ ਉਪ ਸੰਪਾਦਕ ਦਿਵਆਨੀ ਜੋਤੀ ਅਤੇ ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਡਾ. ਰਾਮ ਕੁਮਾਰ ਠਾਕੁਰ ਨੇ ਭਾਗ ਲਿਆ | ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਲੱਲਨ ਬਘੇਲ ਨੇ ਡਿਜ਼ੀਟਲ ਨੈਤਿਕਤਾ ਦਾ ਮਸਲਾ ਉਭਾਰਿਆ ਅਤੇ ਪਾਪੂਲਰ ਸੱਭਿਆਚਾਰ ਦੁਆਰਾ ਇਤਿਹਾਸ ਵਿਚ ਪੈਦਾ ਕੀਤੇ ਜਾ ਰਹੇ ਕੀਤੇ ਗਏ ਮਹੱਤਵਪੂਰਨ ਪੜਾਵਾਂ ਦੀ ਚਰਚਾ ਕੀਤੀ | ਤੀਜਾ ਸੈਸ਼ਨ ਵਿਗਿਆਨ ਦਰਸ਼ਨ ਦੇ ਨਾਲ ਸੰਬੰਧਿਤ ਸੀ ਜਿਸ ਵਿਚ ਪਿ੍ੰ. ਗਗਨਦੀਪ ਸਿੰਘ, ਪਿ੍ੰ. ਦਮਨਜੀਤ ਸਿੰਘ ਅਤੇ ਕੋਮਲਪ੍ਰੀਤ ਸਿੰਘ ਨੇ ਸਮਕਾਲੀ ਵਿਗਿਆਨ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਤਬਦੀਲੀਆਂ ਦੀ ਚਰਚਾ ਕੀਤੀ |
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਨੂੰ ਜ਼ਿਆਦਾਤਰ ਟੈਕਨੋਲੋਜੀ ਅਤੇ ਪਦਾਰਥਕ ਤਰੱਕੀ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ, ਜਦ ਕਿ ਵਿਗਿਆਨ ਇਸ ਤੋਂ ਬਿਨਾਂ ਵੀ ਬਹੁਤ ਕੁਝ ਹੈ | ਅੱਜ ਡਾ. ਸੁਖਵਿੰਦਰ ਸਿੰਘ ਦੁਆਰਾ ਸੰਪਾਦਿਤ ਪੁਸਤਕ ਅਤੇ ਸ਼ਬਦਾਰਥ ਖੋਜ ਪੱਤਿ੍ਕਾ ਦਾ ਨਵਾਂ ਅੰਕ ਦੀ ਰਿਲੀਜ਼ ਕੀਤਾ ਗਿਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਬਿਕਰਮਜੀਤ ਸਿੰਘ, ਡਾ. ਵਰੁਣ ਵਿਗਮਿਲ ਅਤੇ ਜਸਵਿੰਦਰ ਸਿੰਘ ਨੇ ਨਿਭਾਈ | ਪ੍ਰਬੰਧਕਾਂ ਨੇ ਦੱਸਿਆ ਕਿ ਕੱਲ੍ਹ ਉਤਸਵ ਦੇ ਆਖ਼ਰੀ ਦਿਨ ਕਵੀ ਦਰਬਾਰ ਤੋਂ ਇਲਾਵਾ ਸੰਗੀਤਕ ਪੇਸ਼ਕਾਰੀ ਅਤੇ ਬਸੰਤ ਰਾਗ ਗਾਇਨ ਹੋਣਗੇ |
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਮਹਿਲਾ ਦਿਵਸ ਸੰਬੰਧੀ ਇਕ ਦਿਨਾ ਸੈਮੀਨਾਰ ਅਗਲੀ ਖ਼ਬਰ ਸਮਾਜ ਦੇ ਵਿਕਾਸ ਵਿਚ ਨਿੱਗਰ ਯੋਗਦਾਨ ਲਈ ਔਰਤ ਦਾ ਸਨਮਾਨ ਜ਼ਰੂਰੀ-ਡਾ. ਬਲਜੀਤ ਕੌਰ ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।