02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

45 ਦਿਨਾਂ ਤੋਂ ਲਾਪਤਾ ਨਾਬਾਲਗ ਲੜਕੀ ਦੀ ਭਾਲ ਨੂੰ ਲੈ ਕੇ ਪੀੜਤ ਪਰਿਵਾਰ ਨੇ ਜਥੇਬੰਦੀਆਂ ਨਾਲ ਥਾਣਾ ਘੇਰਿਆ

ਅਜੀਤ ਡੈਸਕ 09-07-2026
ਅਬੋਹਰ, 8 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪਿਛਲੇ ਕਰੀਬ 45 ਦਿਨਾਂ ਤੋਂ ਅਬੋਹਰ ਸ਼ਹਿਰ ਦੀ ਲਾਪਤਾ ਹੋਈ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਨਾ ਮਿਲਦਾ ਦੇਖ ਕੇ ਪਰਿਵਾਰ ਨੇ ਜਥੇਬੰਦੀਆਂ ਦੇ ਨਾਲ ਅੱਜ ਥਾਣਾ ਸਿਟੀ 1 ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਬੋਹਰ ਸ਼ਹਿਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕਈ ਸਮਾਜਿਕ ਅਤੇ ਰਾਜਸੀ ਲੋਕਾਂ ਨੇ ਵੀ ਧਰਨੇ ਨੂੰ ਸਮਰਥਨ ਦਿੱਤਾ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫ਼ੋਨ ਨਾ ਚੁੱਕਿਆ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸ਼ਹਿਰ ਦੀ ਨਾਬਾਲਗ ਲੜਕੀ ਨੂੰ ਇਕ ਵਿਅਕਤੀ ਵਲੋਂ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ ਵਿਚ ਪੀੜਤ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਪੁਲਿਸ ਤੋਂ ਲੜਕੀ ਬਰਾਮਦ ਕਰਵਾਉਣ ਦੀ ਮੰਗ ਕਰ ਰਿਹਾ ਸੀ। ਜਿਸ ਸੰਬੰਧੀ ਕਈ ਵਾਰ ਪੀੜਤ ਪਰਿਵਾਰ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਅਤੇ ਜਲਦੀ ਹੀ ਕਥਿਤ ਦੋਸ਼ੀ ਨੂੰ ਕਾਬੂ ਕਰਨ ਸਣੇ ਨਾਬਾਲਗ ਲੜਕੀ ਨੂੰ ਵੀ ਬਰਾਮਦ ਕਰਨ ਦਾ ਭਰੋਸਾ ਦਿੱਤਾ ਗਿਆ ਪਰ 45 ਦਿਨ ਬੀਤਣ ਬਾਅਦ ਵੀ ਮਸਲਾ ਹੱਲ ਨਾ ਹੋਣ ਕਾਰਨ ਪੀੜਤ ਪਰਿਵਾਰ ਨੇ ਅੱਜ ਥਾਣਾ ਸਿਟੀ 1 ਦੇ ਬਾਹਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨਾਲ ਧਰਨਾ ਪ੍ਰਦਰਸ਼ਨ ਅਣਮਿਥੇ ਸਮੇਂ ਲਈ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਰਾਜਨ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੀ ਸੁਰੱਖਿਆ ਵਿਚ ਪੁਲਿਸ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਿਹਾ ਹੈ। ਜਿਸ ਕਾਰਨ 45 ਦਿਨਾਂ ਤੋਂ ਲਾਪਤਾ ਨਾਬਾਲਗ ਲੜਕੀ ਦਾ ਵੀ ਪਤਾ ਲਗਾਉਣ ਵਿਚ ਪੁਲਿਸ ਹਾਲੇ ਤੱਕ ਕਾਮਯਾਬ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੂੰ ਪੀੜਤ ਪਰਿਵਾਰ ਨਾਲ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦ ਤੱਕ ਲੜਕੀ ਦਾ ਪਤਾ ਲਗਾ ਕੇ ਪਰਿਵਾਰ ਨੂੰ ਨਹੀਂ ਸੌਂਪੀ ਜਾਂਦੀ ਤਦ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਪੀੜਤ ਪਰਿਵਾਰ ਦਾ ਧਰਨਾ ਪ੍ਰਦਰਸ਼ਨ ਜਾਰੀ ਸੀ। ਇਸ ਮੌਕੇ ਪੀੜਤ ਪਰਿਵਾਰ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁੱਖ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੀਨੀਅਰ ਆਗੂ ਗੁਣਵੰਤ ਸਿੰਘ ਪੰਜਾਵਾਂ, ਬਖ਼ਸ਼ੀਸ਼ ਸਿੰਘ ਸੋਨਾ ਸੰਧੂ, ਆਜ਼ਾਦ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਮਨੋਜ ਗੋਦਾਰਾ, ਗੁਰਮੀਤ ਸਿੰਘ ਪਰਜਾਪਤੀ, ਭਾਜਪਾ ਦੇ ਸੀਨੀਅਰ ਆਗੂ ਸ਼ਿਵਰਾਜ ਗੋਇਲ, ਸਤੀਸ਼ ਸ਼ਰਮਾ, ਨਰੇਸ਼ ਕੁਮਾਰ, ਗੁਰਬਖ਼ਸ਼ ਸਿੰਘ ਗੱਛੀ, ਗੁਰਨਾਮ ਸਿੰਘ ਸੰਧੂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਅਤੇ ਅਬੋਹਰ ਦੇ ਐੱਸ.ਪੀ ਅਸ਼ਵੰਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫ਼ੋਨ ਨਾ ਚੁੱਕਿਆ। ਡੀ.ਐੱਸ.ਪੀ ਅਬੋਹਰ ਹਰੀਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਉਨ੍ਹਾਂ ਲੜਕੀ ਨੂੰ ਲੈ ਜਾਣ ਵਾਲੇ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ 11 ਨਜ਼ਦੀਕੀ ਸਾਥੀ ਹਿਰਾਸਤ ਵਿਚ ਲਏ ਹਨ ਪਰ ਉਕਤ ਦੋਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ, ਜਿਨ੍ਹਾਂ ਦੀ ਭਾਲ ਲਈ ਪੁਲਿਸ ਟੀਮਾਂ ਲਗਾਤਾਰ ਭਾਲ ਵਿਚ ਜੁੱਟੀਆਂ ਹੋਈਆਂ ਹਨ ਅਤੇ ਜਲਦੀ ਹੀ ਦੋਨਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਅਬੋਹਰ ਵਲੋਂ ਐਲ.ਏ.ਡੀ.ਸੀ.ਦੇ ਵਿਰੋਧ ’ਚ ਹੜਤਾਲ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਅੰਦਰ ਸਲਮਾ ਰਾਣੀ ਚੇਅਰਪਰਸਨ, ਇੰਦਰਾ ਰਾਣੀ ਸਰਬਸੰਮਤੀ ਨਾਲ ਵਾਈਸ ਚੇਅਰਪਰਸਨ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।