ਮੰਡੀ ਅਰਨੀਵਾਲਾ, 31 ਮਾਰਚ(ਨਿਸ਼ਾਨ ਸਿੰਘ ਮੋਹਲ਼ਾ)-ਮਲੋਟ ਫ਼ਾਜ਼ਿਲਕਾ ਰੋਡ 'ਤੇ ਪਿੰਡ ਇਸਲਾਮ ਵਾਲਾ ਨਹਿਰ ਦੇ ਪੁਲ 'ਤੇ ਮੌਜੂਦ ਐੱਸ.ਐੱਸ.ਐਫ ਟੀਮ ਵਲੋਂ ਇਕ ਵਿਅਕਤੀ ਨੂੰ ਨਹਿਰ ਵਿਚ ਖ਼ੁਦਕੁਸ਼ੀ ਕਰਨ ਦੇ ਮਕਸਦ ਤਹਿਤ ਕੀਤੇ ਜਾ ਰਹੇ ਯਤਨਾਂ ਨੂੰ ਰੋਕਿਆ ਅਤੇ ਉਸ ਨੂੰ ਸਮਝਾ ਬੁਝਾ ਕੇ ਵਾਪਸ ਘਰ ਭੇਜਿਆ | ਟੀਮ ਦੇ ਇੰਚਾਰਜ ਦੇਵੀ ਦਿਆਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪੁਆਇੰਟ 'ਤੇ ਜਦ ਡਿਊਟੀ ਕੀਤੀ ਜਾ ਰਹੀ ਸੀ ਤਾਂ ਇਕ ਵਿਅਕਤੀ ਜੋ ਕਿ ਮੌਂਟੀ ਪੁੱਤਰ ਤੁਲਸੀ ਰਾਮ ਜਟੀਆ ਮਹੱਲਾ ਫ਼ਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਉਹ ਆਪਣੀ ਪਤਨੀ ਨਾਲ ਅਣਬਣ 'ਤੇ ਚੱਲਦਿਆਂ ਉਸ ਵਲੋਂ ਅੱਜ ਗੰਗ ਕਨਾਲ ਵਿਚ ਖ਼ੁਦਕੁਸ਼ੀ ਕਰਨ ਦੇ ਮਕਸਦ ਨਾਲ ਮੋਟਰਸਾਈਕਲ ਨੂੰ ਉੱਥੇ ਰੋਕ ਕੇ ਅੱਗੇ ਨੂੰ ਵਧਣਾ ਸ਼ੁਰੂ ਕਰ ਦਿੱਤਾ | ਜਦ ਉਨ੍ਹਾਂ ਨੂੰ ਉਸ ਉੱਪਰ ਸ਼ੱਕ ਹੋਇਆ 'ਤੇ ਉਨ੍ਹਾਂ ਵਲੋਂ ਤੁਰੰਤ ਉਸ ਨੂੰ ਰੋਕਿਆ ਗਿਆ ਅਤੇ ਉਸ ਨੂੰ ਰੋਕ ਕੇ ਅਜਿਹਾ ਕਰਨ ਤੋਂ ਵਰਜਿਆ ਗਿਆ | ਬਾਅਦ ਵਿਚ ਉਸ ਨੂੰ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ | ਐੱਸ.ਐੱਸ.ਐਫ ਟੀਮ ਦੇ ਇਸ ਮੌਕੇ ਇੰਚਾਰਜ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ ਕਈ ਜਾਨਾਂ ਨੂੰ ਬਚਾਇਆ ਜਾ ਚੁੱਕਾ ਹੈ | ਇਸ ਮੌਕੇ ਟੀਮ ਵਿਚ ਕਾਂਸਟੇਬਲ ਅਜੇ ਕੰਬੋਜ, ਲੇਡੀਜ਼ ਕਾਂਸਟੇਬਲ ਚਰਨਜੀਤ ਅਤੇ ਜੋਤੀ ਦੇਵੀ ਮੌਜੂਦ ਸਨ |