ਮੰਡੀ ਅਰਨੀਵਾਲਾ, 30 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਇਕ ਸਿਹਤ ਰਿਪੋਰਟ ਦੇ ਖ਼ੁਲਾਸੇ ਵਿਚ ਇਲਾਕੇ ਅੰਦਰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ | ਕੁੱਝ ਦਿਨ ਪਹਿਲਾਂ ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਬਲਾਕ ਦੇ ਪਿੰਡ ਚੱਕ ਡੱਬਵਾਲਾ, ਕੰਧ ਵਾਲਾ ਹਾਜ਼ਰ ਖਾਂ ਅਤੇ ਫ਼ਾਜ਼ਿਲਕਾ ਵਿਚ ਤਿੰਨ ਦਿਨਾਂ ਵੱਖ-ਵੱਖ ਚੈੱਕਅਪ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਵਿਚ ਆਏ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਜਿਸ ਦੀ ਰਿਪੋਰਟ ਹੁਣ ਇਨ੍ਹਾਂ ਕੈਂਪਾਂ ਦਾ ਆਯੋਜਨ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ ਕੋਲ ਪੁੱਜੀ ਹੈ | ਜਿਸ ਨੇ ਮੀਡੀਆ ਕੋਲ ਖ਼ੁਲਾਸਾ ਕੀਤਾ ਅਤੇ ਦੱਸਿਆ ਕਿ ਪਿੰਡ ਚੱਕ ਡੱਬਵਾਲਾ ਵਿਖੇ 915 ਮਰੀਜ਼ਾਂ ਦੀ ਓ.ਪੀ.ਡੀ ਕੀਤੀ ਗਈ ਜਿਨ੍ਹਾਂ ਵਿਚੋਂ 95 ਮਰੀਜ਼ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਨਿਕਲੇ | ਇਨ੍ਹਾਂ ਵਿਚੋਂ 33 ਮਰੀਜ਼ ਨਵੇਂ ਹਨ | ਇਸੇ ਤਰ੍ਹਾਂ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ 913 ਮਰੀਜ਼ਾਂ ਦੀ ਓ.ਪੀ.ਡੀ ਹੋਈ | ਜਿਨ੍ਹਾਂ ਵਿਚ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੇ ਮਰੀਜ਼ਾਂ ਦੀ ਗਿਣਤੀ 143 ਹੈ ਜਿੰਨ੍ਹਾ ਵਿਚ 45 ਮਰੀਜ਼ ਨਵੇਂ ਹਨ | ਇਸੇ ਤਰ੍ਹਾਂ ਫ਼ਾਜ਼ਿਲਕਾ ਵਿਖੇ 911 ਮਰੀਜ਼ਾਂ ਦੀ ਓ.ਪੀ.ਡੀ ਕੀਤੀ ਗਈ | ਜਿਨ੍ਹਾਂ ਵਿਚ 111 ਮਰੀਜ਼ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਪਾਏ ਗਏ ਇਨ੍ਹਾਂ ਵਿਚ 46 ਮਰੀਜ਼ ਨਵੇਂ ਹਨ |