ਫ਼ਾਜ਼ਿਲਕਾ, 29 ਮਾਰਚ (ਦਵਿੰਦਰ ਪਾਲ ਸਿੰਘ)-ਜਨ ਸੇਵਾ ਸੁਸਾਇਟੀ ਵਲੋਂ ਚਲਾਏ ਜਾ ਰਹੇ ਕਾਪੀਆਂ ਦੇ ਰੀਸਾਈਕਲਿੰਗ ਪ੍ਰੋਜੈਕਟ ਨੂੰ ਸ਼ਹਿਰ ਨਿਵਾਸੀਆਂ ਅਤੇ ਖ਼ਾਸ ਕਰਕੇ ਬੱਚਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਪ੍ਰੋਜੈਕਟ ਇੰਚਾਰਜ ਨੀਲਮ ਸਚਦੇਵਾ ਅਤੇ ਉਪ-ਪ੍ਰਧਾਨ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 10,700 ਖ਼ਾਲੀ ਪੰਨੇ ਇਕੱਠੇ ਕੀਤੇ ਜਾ ਚੁੱਕੇ ਹਨ | ਇਸੇ ਕੜੀ ਤਹਿਤ ਹੈਰੀਟੇਜ ਅਤੇ ਵਿਜ਼ਡਮ ਕਾਨਵੈਂਟ ਸਕੂਲ ਵਿਚ ਪੜ੍ਹਦੇ ਦੋ ਵਿਦਿਆਰਥੀ ਭਰਾਵਾਂ ਯੁਵੀਨ ਅਤੇ ਅਵਿਆਨ ਨੇ1100 ਖ਼ਾਲੀ ਪੰਨੇ ਅਤੇ ਵਿਦਿਆਰਥੀ ਅਰਨਵ ਘਈ ਨੇ 300 ਖ਼ਾਲੀ ਪੰਨੇ ਸੁਸਾਇਟੀ ਨੂੰ ਭੇਟ ਕੀਤੇ ਹਨ | ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਬੱਚਿਆਂ ਵਿਚ ਜਿੱਥੇ ਵਾਤਾਵਰਨ ਪ੍ਰਤੀ ਜਾਗਰੂਕਤਾ ਆ ਰਹੀ ਹੈ, ਉੱਥੇ ਹੀ ਉਨ੍ਹਾਂ ਵਿਚ ਸੇਵਾ ਦੀ ਭਾਵਨਾ ਵੀ ਪੈਦਾ ਹੋ ਰਹੀ ਹੈ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ ਖ਼ਤਮ ਹੋਣ ਕਾਰਨ ਬੱਚਿਆਂ ਕੋਲ ਪੁਰਾਣੀਆਂ ਕਾਪੀਆਂ ਵਿਚ ਕਈ ਪੰਨੇ ਖ਼ਾਲੀ ਬਚ ਜਾਂਦੇ ਹਨ | ਇਨ੍ਹਾਂ ਪੰਨਿਆਂ ਤੋਂ ਨਵੀਆਂ ਕਾਪੀਆਂ ਤਿਆਰ ਕਰਕੇ ਲੋੜਵੰਦ ਬੱਚਿਆਂ ਵਿਚ ਮੁਫ਼ਤ ਵੰਡੀਆਂ ਜਾਣਗੀਆਂ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਨੀਲਮ ਸਚਦੇਵਾ ਜਾਂ ਰਾਕੇਸ਼ ਗਿਲਹੋਤਰਾ ਨਾਲ ਸੰਪਰਕ ਕਰ ਸਕਦੇ ਹਨ |