ਅਬੋਹਰ, 26 ਮਾਰਚ (ਵਿਵੇਕ ਹੂੜੀਆ)-ਅਬੋਹਰ ਦੇ ਥਾਣਾ ਨੰਬਰ-1 ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਕ ਮਹਿਲਾ ਨੂੰ 10 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਫੜੀ ਗਈ ਮਹਿਲਾ ਦੀ ਪਛਾਣ ਕੈਲਾਸ਼ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਸੀਡ ਫਾਰਮ ਪੱਕਾ ਵਜੋਂ ਹੋਈ ਹੈ | ਪੁਲਿਸ ਨੇ ਉਸ ਦੇ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਟੀਮ ਅਨਾਜ ਮੰਡੀ ਦੇ ਕਾਟਨ ਯਾਰਡ ਪਿੱਛੇ ਗਸ਼ਤ ਕਰ ਰਹੀ ਸੀ | ਇਸ ਦੌਰਾਨ ਇਕ ਸ਼ੱਕੀ ਮਹਿਲਾ ਪੁਲਿਸ ਨੂੰ ਦੇਖ ਕੇ ਘਬਰਾ ਗਈ ਅਤੇ ਹੱਥ ਵਿਚ ਫੜਿਆ ਲਿਫ਼ਾਫ਼ਾ ਸੁੱਟ ਕੇ ਭੱਜਣ ਲੱਗੀ | ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ ਅਤੇ ਜਦੋਂ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 10 ਗਰਾਮ ਹੈਰੋਇਨ ਬਰਾਮਦ ਹੋਈ | ਮੁੱਢਲੀ ਪੁੱਛਗਿੱਛ ਦੌਰਾਨ 29 ਸਾਲਾ ਕੈਲਾਸ਼ ਕੌਰ ਨੇ ਦੱਸਿਆ ਕਿ ਉਹ ਬੀ.ਏ.ਪਾਸ ਹੈ, ਪਰ ਘਰ ਦੀਆਂ ਲੋੜਾਂ ਅਤੇ ਆਪਣੇ ਸ਼ੌਕ ਪੂਰੇ ਕਰਨ ਲਈ ਉਸ ਨੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕੀਤਾ | ਉਸ ਨੇ ਦੱਸਿਆ ਕਿ ਉਸ ਦੇ ਪਤੀ 'ਤੇ ਵੀ ਨਸ਼ਾ ਤਸਕਰੀ ਦੇ ਚਾਰ ਮਾਮਲੇ ਦਰਜ ਹਨ | ਮਹਿਲਾ ਅਨੁਸਾਰ ਉਸ ਨੇ ਇਹ 10 ਗਰਾਮ ਚਿੱਟਾ ਪਿੰਡ ਦੇ ਹੀ ਕੁੱਝ ਵਿਅਕਤੀਆਂ ਤੋਂ 16 ਹਜ਼ਾਰ ਰੁਪਏ ਵਿਚ ਖ਼ਰੀਦਿਆ ਸੀ ਅਤੇ ਇਸ ਨੂੰ ਅੱਗੇ 23 ਹਜ਼ਾਰ ਰੁਪਏ ਵਿਚ ਵੇਚਣਾ ਸੀ | ਜ਼ਿਕਰਯੋਗ ਹੈ ਕਿ ਇਸ ਮਹਿਲਾ 'ਤੇ ਪਹਿਲਾਂ ਵੀ ਲੜਾਈ-ਝਗੜੇ ਅਤੇ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਹਨ ਅਤੇ ਉਹ ਜੇਲ੍ਹ ਵੀ ਜਾ ਚੁੱਕੀ ਹੈ |