ਅਬੋਹਰ, 21 ਜਨਵਰੀ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸੰਸਥਾ ਸਮਾਜ ਸੇਵਾ ਦੇ ਖੇਤਰ 'ਚ ਲਗਾਤਾਰ ਸ਼ਲਾਘਾਯੋਗ ਕਾਰਜ ਕਰ ਰਹੀ ਹੈ | ਇਸੇ ਲੜੀ ਤਹਿਤ ਸੰਸਥਾ ਨੇ ਇਕ ਹੋਰ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਦਾ ਸਾਰਾ ਖਰਚਾ ਚੁੱਕ ਕੇ ਉਸ ਦਾ ਵਿਆਹ ਕਰਵਾਇਆ | ਇਸ ਮੌਕੇ ਵਿਆਹ ਦੀ ਖ਼ਾਸ ਗੱਲ ਇਹ ਰਹੀ ਕਿ ਮੰਚ ਵਲੋਂ ਲਾੜੇ ਨੂੰ ਜੀਵਨ ਭਰ ਨਸ਼ਾ ਨਾ ਕਰਨ ਦੀ ਸਹੁੰ ਚੁਕਵਾਈ ਗਈ | ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ 'ਤੇ ਕਮਜ਼ੋਰ ਇਕ ਪਰਿਵਾਰ ਨੇ ਬੇਟੀ ਦੇ ਵਿਆਹ ਲਈ ਮੰਚ ਨਾਲ ਸੰਪਰਕ ਕੀਤਾ ਸੀ | ਜਾਂਚ ਪੜਤਾਲ ਕਰਨ ਤੋਂ ਬਾਅਦ, ਵਿਆਹ ਦਾ ਸਾਰਾ ਖਰਚਾ ਅਸ਼ੀਸ਼ ਮਲਹੋਤਰਾ, ਸੁਰਿੰਦਰ ਚੁੱਘ, ਕਿ੍ਸ਼ਨ ਚੁੱਘ (ਰਾਮਾ ਬੈਗ ਹਾਊਸ), ਦੀਪਕ ਬਾਘਲਾ, ਸੰਦੀਪ ਵਧਵਾ, ਰਵੀ ਜਸੂਜਾ ਅਤੇ ਗੁਪਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਕਾਰਜ ਵਿਚ ਊਸ਼ਾ ਸਵਾਮੀ ਅਤੇ ਉਨ੍ਹਾਂ ਦੀਆਂ ਬੇਟੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਦਾ ਮੰਚ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਗਗਨ ਚੁੱਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਬੇਟੀ ਦੇ ਵਿਆਹ ਸਮੇਤ ਮੰਚ ਹੁਣ ਤੱਕ ਕੁੱਲ 143 ਲੜਕੀਆਂ ਦੇ ਵਿਆਹਾਂ ਵਿਚ ਸਹਿਯੋਗ ਕਰ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮੰਚ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਅਤੇ ਸਮਾਜਿਕ ਬੁਰਾਈਆਂ ਜਿਵੇਂ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਹੈ | ਇਸ ਸ਼ੁੱਭ ਅਵਸਰ 'ਤੇ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਲਈ ਗਗਨ ਚੁੱਘ, ਸੁਭਾਸ਼ ਠਠਈ, ਸੁਰਿੰਦਰਪਾਲ ਚੁੱਘ, ਸੋਨੰੂ ਕਟਾਰੀਆ, ਪ੍ਰਵੀਨ ਜੱਗਾ, ਊਸ਼ਾ ਸਵਾਮੀ, ਮੀਨੂ ਸਵਾਮੀ, ਕਿ੍ਸ਼ਮਾ ਸਵਾਮੀ ਅਤੇ ਸੁਨੀਲ ਕਾਲਰਾ ਹਾਜ਼ਰ ਸਨ |