ਜਲਾਲਾਬਾਦ, 21 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਨੁਸਾਰ ਚਲਾਈ ਮੁਹਿੰਮ 'ਮਨਰੇਗਾ ਬਚਾਓ' ਦੇ ਤਹਿਤ ਅੱਜ ਦੂਸਰੇ ਦਿਨ ਪਿੰਡ ਢਾਬ ਖ਼ੁਸ਼ਹਾਲ ਜੋਈਆਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਓ. ਬੀ. ਸੀ. ਵਿਭਾਗ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਵਲੋਂ ਮਨਰੇਗਾ ਵਰਕਰਾਂ ਅਤੇ ਮਿਹਨਤਕਸ਼ ਲੋਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਰਾਜ ਬਖ਼ਸ਼ ਕੰਬੋਜ ਵਲੋਂ ਮਨਰੇਗਾ ਵਰਕਰਾਂ ਨੂੰ ਦੱਸਿਆ ਗਿਆ ਕਿ ਸਰਦਾਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀ ਸਰਕਾਰ ਵੇਲੇ ਚਲਾਈ ਗਈ ਪੇਂਡੂ ਲੋਕਾਂ ਦੀ ਸਹਾਇਤਾ ਲਈ ਮਨਰੇਗਾ ਵਿਚ ਹੁਣ ਮੌਜੂਦਾ ਮੋਦੀ ਸਰਕਾਰ ਤਬਦੀਲ ਕਰਕੇ ਮਜ਼ਦੂਰਾਂ ਦੀ ਮਜ਼ਦੂਰੀ ਖ਼ਤਮ ਕਰਨ ਚਾਹੁੰਦੀ ਹੈ, ਜਿਸ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਮੋਦੀ ਸਰਕਾਰ ਦਾ ਪੂਰਾ ਸਹਿਯੋਗ ਕਰ ਰਹੀ ਹੈ | ਰਾਜ ਬਖ਼ਸ਼ ਕੰਬੋਜ ਨੇ ਮਨਰੇਗਾ ਵਰਕਰਾਂ ਨੂੰ ਦੱਸਿਆ ਕਿ ਪਹਿਲਾਂ ਮਨਰੇਗਾ ਵਿਚ ਕੰਮ ਕਰਨ ਵਾਲੇ ਵਰਕਰਾਂ ਨੂੰ ਪੈਸੇ ਦਾ 90 ਪ੍ਰਤੀਸ਼ਤ ਭੁਗਤਾਨ ਭਾਰਤ ਸਰਕਾਰ ਅਤੇ 10 ਪ੍ਰਤੀਸ਼ਤ ਭੁਗਤਾਨ ਸਟੇਟ ਸਰਕਾਰਾਂ ਕਰਦੀਆਂ ਸਨ, ਪਰ ਹੁਣ ਨਵੇਂ ਮਨਰੇਗਾ ਕਾਨੂੰਨ ਤਹਿਤ ਮੋਦੀ ਸਰਕਾਰ ਨੇ ਤਬਦੀਲੀ ਕਰਕੇ 60 ਪ੍ਰਤੀਸ਼ਤ ਭੁਗਤਾਨ ਭਾਰਤ ਸਰਕਾਰ ਅਤੇ 40 ਪ੍ਰਤੀਸ਼ਤ ਸਟੇਟ ਸਰਕਾਰਾਂ ਭੁਗਤਾਨ ਕਰਨਗੀਆਂ, ਜਦਕਿ ਸਟੇਟ ਸਰਕਾਰਾਂ ਕੋਲ ਪਹਿਲਾਂ ਹੀ ਫ਼ੰਡਾਂ ਦੀ ਘਾਟ ਹੁੰਦੀ ਹੈ | ਜਿਸ ਕਰਕੇ ਸਟੇਟ ਸਰਕਾਰਾਂ ਆਪਣੇ ਹਿੱਸੇ ਦਾ ਫ਼ੰਡ ਨਹੀਂ ਦੇ ਸਕਣਗੀਆਂ ਅਤੇ ਮਨਰੇਗਾ ਦਾ ਕੰਮ ਆਪਣੇ ਆਪ ਬੰਦ ਹੋ ਜਾਵੇਗਾ | ਇਸ ਸਮੇਂ ਉਨ੍ਹਾਂ ਦੇ ਨਾਲ ਰਾਜ ਸਿੰਘ ਸਰਪੰਚ, ਗੁਰਮੀਤ ਸਿੰਘ ਢਾਬਾਂ, ਪੰਮਾ ਖੁਰਾਨਾ, ਬਲਵੰਤ ਸਿੰਘ, ਸੇਵਾ ਦਲ ਦਿਹਾਤੀ ਕਾਂਗਰਸ ਪਾਰਟੀ ਦੇ ਚੇਅਰਮੈਨ ਮੰਗਤ ਰਾਮ ਚੁੱਘ, ਸੁਮਿਤ ਛਾਬੜਾ, ਓ.ਬੀ.ਸੀ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਦੇ ਇੰਚਾਰਜ ਅਮਰੀਕ ਚੰਦ ਅਤੇ ਜੱਗਾ ਥਿੰਦ ਆਦਿ ਮੌਜੂਦ ਸਨ |