ਜਲਾਲਾਬਾਦ, 21 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ( ਰਜਿ:) ਦੀ ਸੂਬਾ ਕਮੇਟੀ ਦੀ ਮੀਟਿੰਗ ਬੋਹੜ ਸਿੰਘ ਸੁਖਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਵੱਖ-ਵੱਖ ਜ਼ਿਲਿਆਂ ਤੋਂ ਯੂਨੀਅਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਆਪਣੇ ਜ਼ਿਲਿ੍ਹਆਂ ਵਿਚ ਕਿਰਤ ਵਿਭਾਗ ਦੇ ਦਫ਼ਤਰਾਂ 'ਚ ਉਸਾਰੀ ਕਿਰਤੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਅਤੇ ਇਹਨਾਂ ਪਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਬਾਰੇ ਸੂਬਾ ਕਮੇਟੀ ਵਿਚ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਯੂਨੀਅਨ ਦੇ ਜਨਰਲ ਸੈਕਟਰੀ ਸਾਥੀ ਸੁਖਦੇਵ ਸ਼ਰਮਾ ਨੇ ਵਿਸਤਾਰ ਪੂਰਵਕ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਵਲੋਂ ਉਸਾਰੀ ਕਿਰਤੀਆਂ ਨੂੰ ਦਿੱਤੀਆਂ ਜਾਂਦੀਆਂ ਸਕੀਮਾਂ ਲਾਭਾਂ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਕਿਰਤੀਆਂ ਲਈ ਇਸ ਬਣੇ ਕਾਨੂੰਨ ਤਹਿਤ ਅਨੇਕਾਂ ਹੱਕ ਮਿਲੇ ਹਨ ਪਰੰਤੂ ਕਿਰਤ ਵਿਭਾਗ ਦੇ ਦਫ਼ਤਰਾਂ ਵਿਚ ਕਿਰਤੀਆਂ ਦੀ ਹੋਰ ਹੀ ਖੱਜਲ-ਖ਼ੁਆਰੀ ਕਾਰਨ ਉਹ ਇਹਨਾਂ ਹੱਕਾਂ ਤੋਂ ਵਾਂਝੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਦੇ ਪਿ੍ੰਸੀਪਲ ਸਕੱਤਰ ਵਲੋਂ ਯੂਨੀਅਨ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਬੋਰਡ ਨਾਲ ਮੀਟਿੰਗ ਕਰਵਾਉਣ ਤੋਂ ਬਿਨਾਂ ਆਪਣੀ ਮਨ ਮਰਜ਼ੀ ਦੇ ਨਿਯਮ ਬਣਾ ਕੇ ਫ਼ੈਸਲੇ ਲਏ ਜਾ ਰਹੇ ਹਨ, ਜਿਸ ਨੂੰ ਯੂਨੀਅਨ ਵਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸੂਬਾ ਕਮੇਟੀ ਦੀ ਮੀਟਿੰਗ ਵਿਚ ਪ੍ਰਪੋਜ਼ਲ ਦਿੰਦਿਆਂ ਕਿਹਾ ਕਿ ਕਿਰਤੀਆਂ ਵਿਰੋਧੀ ਲਾਏ ਜਾ ਰਹੇ ਫ਼ੈਸਲਿਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਸਾਨੂੰ ਸੂਬਾ ਪੱਧਰੀ ਸੰਘਰਸ਼ ਛੇੜਨਾ ਪਵੇਗਾ | ਸੂਬਾ ਸਕੱਤਰ ਸਾਥੀ ਮਨਿੰਦਰ ਸਿੰਘ ਭਾਟੀਆ (ਲੁਧਿਆਣਾ) ਅਤੇ ਸਹਾਇਕ ਸਕੱਤਰ ਸਾਥੀ ਪਰਮਜੀਤ ਢਾਬਾਂ( ਫ਼ਾਜ਼ਿਲਕਾ) ਨੇ ਕਿਹਾ ਕਿ ਉਸਾਰੀ ਕਿਰਤੀਆਂ ਦੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਪਿੰਡ ਪਿੰਡ ਸ਼ਹਿਰ ਗਲੀ ਮੁਹੱਲੇ ਵਿਚ ਜਾ ਕੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਾਂਗੇ | ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਭਰਪੂਰ ਸਿੰਘ ਬੁੱਲਾਂਪੁਰ( ਮਲੇਰਕੋਟਲਾ), ਮੀਤ ਪ੍ਰਧਾਨ ਖ਼ੁਸ਼ੀਆ ਸਿੰਘ (ਬਰਨਾਲਾ) ਅਤੇ ਖ਼ਜ਼ਾਨਚੀ ਪ੍ਰਦੀਪ ਚੀਮਾ (ਸੰਗਰੂਰ) ਨੇ ਕਿਹਾ ਕਿ ਸਥਾਨਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਕਿਰਤ ਵਿਭਾਗ ਵਿਚ ਭਿ੍ਸ਼ਟਾਚਾਰ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ ਜਿਸ ਨੂੰ ਹੁਣ ਸਖ਼ਤੀ ਨਾਲ ਨੱਥ ਪਾਉਣੀ ਪਵੇਗੀ | ਇਸ ਮੀਟਿੰਗ ਵਿਚ ਯੂਨੀਅਨ ਨੇ ਸਖ਼ਤ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਕਿ ਉਹ ਸਾਰੀ ਕਿਰਤੀਆਂ ਦੇ ਹੱਕਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਖ਼ਿਲਾਫ਼ 26 ਫਰਵਰੀ ਨੂੰ ਅਸਿਸਟੈਂਟ ਲੇਬਰ ਕਮਿਸ਼ਨਰ ਦਫ਼ਤਰਾਂ ਸਾਹਮਣੇ ਧਰਨੇ ਦਿੱਤੇ ਜਾਣਗੇ ਅਤੇ ਫਿਰ ਵੀ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ 27 ਮਾਰਚ 2026 ਨੂੰ ਪੰਜਾਬ ਦੇ ਕਿਰਤ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ | ਸਾਥੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਅਤੇ ਧਰਨਿਆਂ ਸਬੰਧੀ ਯੂਨੀਅਨ ਵਲੋਂ ਕਿਰਤ ਵਿਭਾਗ ਦੇ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤੇ ਜਾਣਗੇ |