ਜਲਾਲਾਬਾਦ, 20 ਜਨਵਰੀ (ਕਰਨ ਚੁਚਰਾ)-ਜਲਾਲਾਬਾਦ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਬਿਨਾਂ ਕਿਸੇ ਟੈਕਸ ਤੇ ਮਨਜ਼ੂਰੀ ਦੇ ਲੱਗੇ ਹੋਰਡਿੰਗ ਬੋਰਡ ਉਤਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਨਗਰ ਕੌਂਸਲ ਦੇ ਅਧਿਕਾਰੀਆਂ ਅਨੁਸਾਰ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਲੱਗੇ, ਵਪਾਰਕ, ਧਾਰਮਿਕ ਤੇ ਸਿਆਸੀ ਆਗੂਆਂ ਦੇ ਵਧਾਈ ਸੰਦੇਸ਼ਾਂ ਅਤੇ ਇਸ਼ਤਿਹਾਰਾਂ ਨੂੰ ਅੱਜ ਉਤਾਰਿਆ ਗਿਆ ਹੈ | ਇਸ ਮੁਹਿੰਮ ਦੀ ਸ਼ੁਰੂਆਤ ਬੱਸ ਅੱਡਾ ਜਲਾਲਾਬਾਦ ਤੋਂ ਕੀਤੀ ਗਈ | ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਵਲੋਂ ਇਕ ਠੇਕਾ ਦਿੱਤਾ ਗਿਆ ਸੀ | ਜੋ ਪਰਚੀ ਕੱਟ ਕੇ ਇਸ਼ਤਿਹਾਰ ਫਲੈਕਸਾ ਲਗਵਾਉਂਦਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਲੋਕਾਂ ਵਲੋਂ ਟੈਕਸ ਨਾ ਦਿੱਤੇ ਜਾਣ ਕਾਰਨ ਘਾਟੇ ਦੇ ਚੱਲਦਿਆਂ ਉਕਤ ਠੇਕੇਦਾਰ ਠੇਕਾ 'ਚ ਹੀ ਛੱਡ ਕੇ ਚੱਲਿਆ ਗਿਆ | ਇਸ ਮੁਹਿੰਮ ਦੌਰਾਨ ਸੱਤਾ ਧਿਰ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਧਾਈ ਸੰਦੇਸ਼ਾਂ ਨੂੰ ਉਤਾਰਿਆ ਗਿਆ ਹੈ | ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਬਿਨਾਂ ਕਿਸੇ ਭੇਦਭਾਵ ਦੇ ਇਹ ਮੁਹਿੰਮ ਜਾਰੀ ਹੈ | ਕਿਸੇ ਵੀ ਧਿਰ ਜਿਸ ਨੇ ਟੈਕਸ ਨਹੀਂ ਭਰਿਆ, ਉਨ੍ਹਾਂ ਦੇ ਫਲੈਕਸ ਉਤਾਰੇ ਜਾ ਰਹੇ ਹਨ |