25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਵਲੋਂ ਪੋਸ਼ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਅਜੀਤ ਡੈਸਕ 21-01-2026
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ. ਏ. ਐੱਸ. ਨਗਰ (ਮੁਹਾਲੀ), ਮਿਸ ਜਸਟਿਸ ਲਪਿਤਾ ਬੈਨਰਜੀ, ਪ੍ਰਬੰਧਕੀ ਜੱਜ ਫ਼ਾਜ਼ਿਲਕਾ ਤੇ ਸ੍ਰੀਮਤੀ ਨਵਜੋਤ ਕੌਰ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ. ਏ. ਐੱਸ. ਨਗਰ (ਮੁਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਮਿੰਦਰ ਪਾਲ ਸਿੰਗਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਅਗਵਾਈ ਹੇਠ ਤੇ ਮੈਡਮ ਰੁਚੀ ਸਵਪਨ ਸ਼ਰਮਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੇ ਦਫ਼ਤਰ 'ਚ ਪੋਸ਼ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ | ਇਹ ਜਾਗਰੂਕਤਾ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈ ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਰਿਆਂ ਵਾਲੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਜਰਾਣਾ ਦੀ ਮਹਿਲਾ ਸਟਾਫ਼ ਲਈ ਆਯੋਜਿਤ ਕੀਤਾ, ਜਿਸ 'ਚ ਵੱਡੀ ਗਿਣਤੀ 'ਚ ਅਧਿਆਪਕਾਵਾਂ ਨੇ ਭਾਗ ਲਿਆ | ਇਸ ਮੌਕੇ ਮੈਡਮ ਰਮਨਦੀਪ ਕੌਰ ਪੈਨਲ ਵਕੀਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਵਲੋਂ ਹਾਜ਼ਰ ਅਧਿਆਪਕਾਵਾਂ ਨੂੰ ਪੋਸ਼ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਕੰਮਕਾਜ ਦੀ ਥਾਂ 'ਤੇ ਜਿਨਸੀ ਉਤਪੀੜਨ 'ਚ ਅਣਚਾਹਾ ਸਰੀਰਕ ਸੰਪਰਕ, ਜਿਨਸੀ ਟਿੱਪਣੀਆਂ, ਅਪਮਾਨਜਨਕ ਵਰਤਾਓ, ਧਮਕੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਅਣਚਾਹਾ ਵਿਵਹਾਰ ਸ਼ਾਮਿਲ ਹੁੰਦਾ ਹੈ, ਜੋ ਮਹਿਲਾ ਦੀ ਇੱਜ਼ਤ ਤੇ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਰ ਸੰਸਥਾ ਤੇ ਸਕੂਲ 'ਚ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਉਣਾ ਲਾਜ਼ਮੀ ਹੈ ਅਤੇ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ, ਜਾਂਚ ਦਾ ਸਮਾਂ ਤੇ ਪੀੜਿਤ ਮਹਿਲਾ ਦੇ ਅਧਿਕਾਰਾਂ ਬਾਰੇ ਵੀ ਸਮਝਾਇਆ | ਪੈਨਲ ਵਕੀਲ ਵਲੋਂ ਦੱਸਿਆ ਗਿਆ ਕਿ ਪੋਸ਼ ਐਕਟ ਦੇ ਅਧੀਨ ਪੀੜਿਤ ਮਹਿਲਾਵਾਂ ਮੁਫ਼ਤ ਕਾਨੂੰਨੀ ਸਹਾਇਤਾ ਦੀ ਹੱਕਦਾਰ ਹਨ ਅਤੇ ਇਸ ਲਈ ਟੋਲ-ਫ੍ਰੀ ਨੰਬਰ 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੇ ਟੈਲੀਫ਼ੋਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਅੰਤ 'ਚ ਹਾਜ਼ਰ ਮਹਿਲਾ ਸਟਾਫ਼ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ, ਸੁਰੱਖਿਅਤ ਅਤੇ ਸਤਿਕਾਰਯੋਗ ਕੰਮਕਾਜੀ ਵਾਤਾਵਰਨ ਬਣਾਉਣ 'ਚ ਯੋਗਦਾਨ ਪਾਉਣ ਅਤੇ ਜ਼ਰੂਰਤ ਪੈਣ 'ਤੇ ਬੇਝਿਜਕ ਕਾਨੂੰਨੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਪੱਤਰਕਾਰਾਂ ਦੀ ਆਜ਼ਾਦੀ 'ਤੇ ਕੀਤੇ ਹਮਲੇ ਖ਼ਿਲਾਫ਼ ਪ੍ਰਦਰਸ਼ਨ 'ਚ ਪੰਜਾਬ ਸਟੂਡੈਂਟਸ ਯੂਨੀਅਨ ਕਰੇਗੀ ਸ਼ਮੂਲੀਅਤ ਅਗਲੀ ਖ਼ਬਰ ਜੱਚਾ-ਬੱਚਾ ਦੀ ਸਿਹਤ ਲਈ ਪੋਸਟ ਨੇਟਲ ਕੇਅਰ ਲਾਹੇਵੰਦ-ਸਿਵਲ ਸਰਜਨ ਡਾ. ਕਵਿਤਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।