ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਜਣੇਪਾ ਤੋਂ ਬਾਅਦ ਕਿਸੇ ਵੀ ਮਾਂ-ਬੱਚੇ ਨੂੰ ਸਿਹਤ ਸੰਬੰਧੀ ਕੋਈ ਦਿੱਕਤ ਨਾ ਆਵੇ ਇਸ ਲਈ ਸਿਹਤ ਕਰਮੀਆਂ ਵਲੋਂ ਇਨ੍ਹਾਂ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਸਮੇਂ ਸਮੇਂ ਤੇ ਦੇਖਭਾਲ ਕੀਤੀ ਜਾਂਦੀ ਹੈ | ਇਸ ਸੰਬੰਧੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਘਟਾਉਣ ਅਤੇ ਜੱਚਾ-ਬੱਚਾ ਨੂੰ ਸ਼ੁਰੂਆਤੀ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰ ਰਿਹਾ ਹੈ | ਪੋਸਟ ਨੇਟਲ ਕੇਅਰ ਅਧੀਨ ਸਿਹਤ ਕਰਮੀਆਂ ਵਲੋਂ ਜਣੇਪੇ ਤੋਂ 6 ਹਫ਼ਤੇ ਤੱਕ ਘਰਾਂ ਦਾ ਦੌਰਾ ਕਰਕੇ ਮਾਂ ਤੇ ਨਵਜੰਮੇ ਬੱਚੇ ਦੀ ਲੋੜੀਂਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਣੇਪੇ ਹੋਣ ਉਪਰੰਤ ਮਲਟੀਪਰਪਜ਼ ਹੈਲਥ ਸੁਪਰਵਾਇਜਰ (ਫੀਮੇਲ), ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਅਤੇ ਸੰਬੰਧਿਤ ਇਲਾਕੇ ਦੀ ਆਸ਼ਾ ਵਰਕਰ ਵਲੋਂ ਪਹਿਲੇ, ਤੀਸਰੇ ਦਿਨ, ਸੱਤਵੇਂ ਦਿਨ, ਚੌਦਵੇਂ ਦਿਨ, ਇੱਕੀਵੇਂ ਦਿਨ, ਅਠਾਈਵੇਂ ਦਿਨ ਤੇ ਬਿਆਲੀਵੇਂ ਦਿਨ ਮਾਂ ਅਤੇ ਬੱਚੇ ਦੀ ਘਰ ਜਾ ਕੇ ਜਾਂਚ ਕੀਤੀ ਜਾਂਦੀ ਹੈ | ਇਸ ਜਾਂਚ 'ਚ ਮਾਂ ਨੂੰ ਦੁੱਧ ਦੀ ਮਹੱਤਤਾ ਅਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਨਾਲ ਹੀ ਬੱਚੇ ਦੀ ਵੱਖ-ਵੱਖ ਬਿਮਾਰੀਆਂ ਜਿਵੇਂ ਪੀਲੀਆ, ਬੁਖ਼ਾਰ, ਨਮੂਨੀਆ, ਸਾਹ ਸੰਬੰਧੀ ਤੇ ਬੱਚੇ ਦੇ ਭਾਰ ਦੀ ਜਾਂਚ ਕੀਤੀ ਜਾਂਦੀ ਹੈ | ਇਸ ਮੌਕੇ ਸਿਹਤ ਕਰਮਚਾਰੀਆਂ ਵਲੋਂ ਮਾਂ ਨੂੰ ਪੇਸ਼ ਆਉਣ ਵਾਲੀ ਸਮੱਸਿਆਵਾਂ ਜਿਵੇਂ ਜਣੇਪੇ ਤੋਂ ਬਾਅਦ ਦੀਆਂ ਪੀੜਾ, ਰਕਤ-ਬਹਾਓ, ਤਾਪਮਾਨ ਤੇ ਬਲੱਡ ਪ੍ਰੈਸ਼ਰ ਦੀ ਮੁਕੰਮਲ ਜਾਂਚ ਕੀਤੀ ਜਾਂਦੀ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਇਸ ਦੇ ਨਾਲ ਨਾਲ ਪਰਿਵਾਰਿਕ ਮੈਂਬਰਾਂ ਦੀ ਵੀ ਕੌਂਸਲਿੰਗ ਕੀਤੀ ਜਾਂਦੀ ਹੈ ਕਿ ਮਾਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇ ਅਤੇ ਬੱਚੇ ਨੂੰ ਗੁੜ੍ਹਤੀ ਦੀ ਜਗ੍ਹਾ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ | ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਤੇ ਉਸ ਤੋਂ ਬਾਅਦ ਉੱਪਰਲੀ ਖ਼ੁਰਾਕ ਦੇ ਨਾਲ-ਨਾਲ ਦੋ ਸਾਲ ਤੱਕ ਸਤਨਪਾਨ ਕਰਵਾਉਣਾ ਜਾਰੀ ਰੱਖਿਆ ਜਾਵੇ | ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਤੇ ਦਿਵੇਸ਼ ਕੁਮਾਰ ਨੇ ਦੱਸਿਆ ਕਿ ਜੱਚਾ-ਬੱਚਾ ਪੋ੍ਰਗਰਾਮ ਤਹਿਤ ਏ. ਐਨ. ਐਮ., ਸੀ. ਐੱਚ. ਓ. ਤੇ ਆਸ਼ਾ ਵਰਕਰਾਂ ਵਲੋਂ ਜਣੇਪੇ ਤੋਂ ਬਾਅਦ ਕੀਤੇ ਜਾਣ ਵਾਲੇ ਘਰਾਂ ਦੇ ਦੌਰੇ ਬਹੁਤ ਮਹੱਤਵ ਰੱਖਦੇ ਹਨ | ਇਸ ਨਾਲ ਸਿਹਤ ਕਰਮੀਆਂ ਦਾ ਪਰਿਵਾਰ ਤੇ ਬੱਚੇ ਨਾਲ ਮੋਹ ਬੰਨਿ੍ਹਆ ਰਹਿੰਦਾ ਹੈ | ਇਨ੍ਹਾਂ ਵਿਜ਼ਟ ਦੌਰਾਨ ਬੱਚਿਆਂ ਦੇ ਪੂਰਨ ਵਿਕਾਸ, ਟੀਕਾਕਰਨ ਤੇ ਮਾਂ ਦੀ ਸਿਹਤ ਦਾ ਉੱਚਿਤ ਧਿਆਨ ਰੱਖਿਆ ਜਾਂਦਾ ਹੈ | ਪੌਸ਼ਟਿਕ ਖ਼ੁਰਾਕ, ਬੱਚੇ ਦੇ ਸੰਪੂਰਨ ਵਿਕਾਸ ਦੇ ਨਾਲ ਹੀ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਤੇ ਹੋਰ ਸਿਹਤ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ |