05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨਹਿਰ ਦੀ ਸਫਾਈ ਨਾ ਹੋਣ ਤੇ ਪਾਣੀ ਨਾ ਆਉਣ ਨੂੰ ਲੈ ਕੇ ਕਿਸਾਨ ਯੂਨੀਅਨ ਵਲੋਂ ਪ੍ਰਦਰਸ਼ਨ

ਅਜੀਤ ਡੈਸਕ 28-07-2026
ਡੇਰਾ ਬਾਬਾ ਨਾਨਕ, 27 ਜੁਲਾਈ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਮਾਨ ਅਗਵਾਨ, ਮਛਰਾਲਾ, ਕਾਹਲਾਂਵਾਲੀ ਆਦਿ ਪਿੰਡਾਂ ’ਚ ਦੀ ਲੰਘਦੀ ਨਹਿਰ ਵਿਚ ਕਿਸਾਨਾਂ ਦੇ ਝੋਨੇ ਲੱਗਣ ਤੋਂ ਬਾਅਦ ਵੀ ਅਜੇ ਤੱਕ ਪਾਣੀ ਨਾ ਆਉਣ ਨੂੰ ਲੈ ਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਭੋਜਰਾਜ ਤੇ ਸੂਬਾ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ ਨੇ ਦੱਸਿਆ ਕਿ ਸਰਕਾਰ ਦੀ ਨਲਾਇਕੀ ਕਾਰਨ ਪਿਛਲੇ ਕਈ ਚਿਰਾਂ ਤੋਂ ਇਸ ਨਹਿਰ ਵਿਚ ਪਾਣੀ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਨਹਿਰ ਵਿਭਾਗ ਵਲੋਂ ਨਾ ਹੀ ਅਜੇ ਤੱਕ ਇਸ ਨਹਿਰ ਦੀ ਤੇ ਇਸ ਨਹਿਰ ਤੋਂ ਨਿਕਲਦੇ ਹੋਰ ਸੂਇਆਂ ਦੀ ਸਫਾਈ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਵਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਨਹਿਰ ਦੀ ਖੁਲਾਈ ਨਾ ਹੋਣ ਕਾਰਨ ਪਿੰਡ ਰੁੜਿਆਣੇ ਨਜ਼ਦੀਕ ਨਹਿਰ ਵਿਚ ਪਾੜ ਪੈ ਗਿਆ ਸੀ, ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨਹਿਰ ’ਚ ਪਾਣੀ ਸਿਰਫ ਹੜ੍ਹਾਂ ਦਾ ਹੀ ਆਉਂਦਾ ਹੈ, ਨਾ ਕਿ ਸਰਕਾਰ ਵਲੋਂ ਕਿਸਾਨਾਂ ਦੀਆਂ ਫਸਲਾਂ ਲਈ ਭੇਜਿਆ ਜਾਂਦਾ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਵਲੋਂ ਕਾਗਜਾਂ ਦਾ ਢਿੱਡ ਭਰਦਿਆਂ ਇਸ ਨਹਿਰ ਦੀ ਖਲਾਈ ਕਾਗਜ਼ਾਂ ਵਿਚ ਹੀ ਕੀਤੀ ਜਾਂਦੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਨਹਿਰ ਦੀ ਖੁਦਾਈ ਦੇ ਘਪਲੇ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਪਰਮਪਾਲ ਸਿੰਘ ਮੇਤਲਾ, ਹਰਜਿੰਦਰ ਸਿੰਘ ਭਗਤਾਣਾ ਤੁੱਲੀਆਂ, ਭਗਵੰਤ ਸਿੰਘ ਮਾਨ, ਗੁਰਦੀਪ ਸਿੰਘ ਮੇਤਲਾ, ਨਰਿੰਦਰ ਸਿੰਘ ਮਛਰਾਲਾ, ਅਜੀਤ ਸਿੰਘ ਮਾਨ, ਚਮਕੌਰ ਸਿੰਘ ਕਾਹਲਾਂਵਾਲੀ, ਸਹਿਬਾਜ ਸਿੰਘ ਮਾਨ, ਸਤਿੰਦਰ ਸਿੰਘ ਭਗਤਾਣਾ, ਹਰਵਿੰਦਰ ਸਿੰਘ ਮਾਨ, ਸੁੱਚਾ ਸਿੰਘ ਮਾਨ, ਦਲਜੀਤ ਸਿੰਘ ਮਾਨ, ਧਰਮਿੰਦਰ ਸਿੰਘ ਮਾਨ ਤੇ ਦਲਜੀਤ ਸਿੰਘ ਮਾਨ ਆਦਿ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਾਲਿਕ ਕਾਲਜ ਦਾ ਬੀ.ਐੱਡ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ *ਮੁਸਕਾਨ ਸੈਣੀ ਨੇ ਯੂਨੀਵਰਸਿਟੀ ਮੈਰਿਟ ਵਿਚ 14ਵ... ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਦੀ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।