ਬਟਾਲਾ, 23 ਜੁਲਾਈ (ਸਤਿੰਦਰ ਸਿੰਘ)-ਪੀ.ਐੱਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਅਗਵਾਈ ਵਿਚ 17 ਜਥੇਬੰਦੀਆਂ ਦੇ ਸਾਂਝੇ ਥੜੇ ਵਲੋਂ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸਾਂਝਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਦੀ ਮੈਨੇਜ਼ਮੈਂਟ, ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀਆਂ ਨਾਲ ਲਿਖਤੀ ਮੀਟਿੰਗਾਂ ਹੋ ਚੁੱਕੀਆਂ ਸਨ। ਇਨ੍ਹਾਂ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਜੁਆਇੰਟ ਫ਼ੋਰਮ ਪੰਜਾਬ ਬਿਜਲੀ ਏਕਤਾ ਮੰਚ ਪੰਜਾਬ ਵਿਚ ਸ਼ਾਮਲ 17 ਜਥੇਬੰਦੀਆਂ ਦੀ ਲੀਡਰਸ਼ਿਪ ਨੇ ਪੰਜਾਬ ਭਰ ਵਿਚ 21 ਅਤੇ 22 ਦੋ ਦਿਨਾਂ ਹੜਤਾਲ ’ਤੇ ਸਨ, ਹੁਣ ਮੰਗਾਂ ਲਾਗੂ ਨਾ ਹੋਣ ਕਾਰਨ 23 ਤੇ 24 ਜੁਲਾਈ ਨੂੰ ਦੋ ਰੋਜ਼ਾ ਹੋਰ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲੜੀ ਤਹਿਤ ਸ਼ਹਿਰੀ ਮੰਡਲ ਬਟਾਲਾ, ਦਿਹਾਤੀ ਮੰਡਲ ਬਟਾਲਾ ਦੇ ਬਿਜਲੀ ਮੁਲਾਜ਼ਮਾਂ ਨੇ ਇਕ ਵੱਡੀ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਮੈਨੇਜ਼ਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਮੰਗਾਂ ਨਾ ਲਾਗੂ ਕੀਤੀਆਂ ਤਾਂ ਸਾਂਝਾ ਥੜਾ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ। ਇਸ ਮੌਕੇ ਇੰਪਲਾਇਜ਼ ਫ਼ੈਡਰੇਸ਼ਨ ਪੰਜਾਬ ਦੇ ਪ੍ਰਧਾਨ ਜੁਆਇੰਟ ਫ਼ੋਰਮ ਏਕਤਾ ਮੰਚ ਪੰਜਾਬ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਸਰਕਲ ਗੁਰਦਾਸਪੁਰ ਦੇ ਪ੍ਰਧਾਨ ਦਿਲਬਾਗ ਸਿੰਘ ਬੁੱਟਰ ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ ਗੁਰਦਾਸਪੁਰ ਦੇ ਕਨਵੀਨਰ ਹਰਜੀਤ ਸਿੰਘ ਟਰਪਈ, ਅਰਜਨ ਸਿੰਘ ਸੁੱਖਾ ਚਿੜਾ ਪ੍ਰਧਾਨ ਸ਼ਹਿਰੀ ਮੰਡਲ ਬਟਾਲਾ ਅਤੇ ਸੀਨੀਅਰ ਆਗੂਆਂ ਨੇ ਸੰਬੋਧਨ ਕਰਦਿਆਂ ਬਿਜਲੀ ਮੁਲਾਜ਼ਮਾਂ ਨੂੰ 2 ਰੋਜ਼ਾ ਹੜਤਾਲ ਨੂੰ ਕਾਮਯਾਬ ਕਰਨ ਲਈ ਸੱਦਾ ਦਿੱਤਾ।