13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪਠਾਨਕੋਟ ਵਿਚ ਨਾਜਾਇਜ਼ ਕਾਲੋਨਾਈਜ਼ਰਾਂ ਦੇ ਹੌਸਲੇ ਬੁਲੰਦ *ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਕੱਟੀਆਂ ਜਾ ਰਹੀਆਂ ਕਾਲੋਨੀਆਂ

ਅਜੀਤ ਡੈਸਕ 19-07-2026
ਪਠਾਨਕੋਟ, 18 ਜੁਲਾਈ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਅੰਦਰ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਦਾ ਧੰਦਾ ਵੱਡੇ ਪੱਧਰ ‘ਤੇ ਫੈਲ ਰਿਹਾ ਹੈ। ਪ੍ਰਸ਼ਾਸਨ ਤੇ ਨਗਰ ਨਿਗਮ ਦੀ ਕਥਿਤ ਲਾਪਰਵਾਹੀ ਦਾ ਫਾਇਦਾ ਚੁੱਕਦਿਆਂ ਕੁਝ ਪ੍ਰਭਾਵਸ਼ਾਲੀ ਕਾਲੋਨਾਈਜ਼ਰਾਂ ਵਲੋਂ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ (NOC) ਅਤੇ ਨਕਸ਼ੇ ਪਾਸ ਕਰਵਾਏ, ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਹਿੱਸਿਆਂ ਵਿਚ ਨਾਜਾਇਜ਼ ਕਾਲੋਨੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਗੋਰਖਧੰਦੇ ਦਾ ਸਭ ਤੋਂ ਵੱਡਾ ਕੇਂਦਰ ਇਸ ਵੇਲੇ ਸ਼ਹਿਰ ਦਾ ਪ੍ਰਮੁੱਖ ਲਮੀਨੀ ਹਲਕਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਲਿਹਾਜ਼ ਨਾਲ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਅਸਲਾ ਡਿਪੂ ਦੇ ਆਲੇ-ਦੁਆਲੇ ਦੇ ਤੈਅਸ਼ੁਦਾ ਪ੍ਰਤੀਬੰਧਿਤ ਖੇਤਰ ਦੇ ਅੰਦਰ ਨਾਜਾਇਜ਼ ਉਸਾਰੀਆਂ ਤੇ ਕਾਲੋਨੀਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਜੋ ਭਵਿੱਖ ਵਿਚ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਨੂੰ ਸੱਦਾ ਦੇ ਰਿਹਾ ਹੈ। ਇਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹ ਉਹੀ ਅਸਲਾ ਡਿਪੂ ਹੈ, ਜਿਥੇ ਕੁਝ ਸਾਲ ਪਹਿਲਾਂ ਲੱਗੀ ਭਿਆਨਕ ਅੱਗ ਅਤੇ ਹੋਏ ਧਮਾਕਿਆਂ ਕਾਰਨ ਇਲਾਕੇ ’ਚ ਤਾਹੀ-ਤਾਹੀ ਮਚ ਗਈ ਸੀ। ਉਸ ਸਮੇਂ ਹਾਲਾਤ ਇੰਨੇ ਨਾਜ਼ੁਕ ਹੋ ਗਏ ਸਨ ਕਿ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਨਾਲ ਲੱਗਦੇ ਪੂਰੇ ਪਿੰਡ ਨੂੰ ਰਾਤੋ-ਰਾਤ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰਨੇ ਪਏ ਸਨ। ਲੋਕ ਆਪਣੇ ਘਰ-ਬਾਰ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ ਸਨ। ਇਸ ਖ਼ੌਫ਼ਨਾਕ ਇਤਿਹਾਸ ਤੋਂ ਸਬਕ ਲੈਣ ਦੀ ਬਜਾਏ, ਮੁਨਾਫਾਖੋਰ ਕਾਲੋਨਾਈਜ਼ਰ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਅਸਲਾ ਡਿਪੂ ਦੇ ਨਿਸ਼ਚਿਤ ਦਾਇਰੇ ਅੰਦਰ ਕਿਸੇ ਵੀ ਤਰ੍ਹਾਂ ਦੀ ਪੱਕੀ ਉਸਾਰੀ ‘ਤੇ ਕਾਨੂੰਨੀ ਤੌਰ ‘ਤੇ ਮੁਕੰਮਲ ਪਾਬੰਦੀ ਹੈ ਪਰ ਫਿਰ ਵੀ ਇੱਥੇ ਸ਼ਰੇਆਮ ਪਲਾਟਿੰਗ ਕਰਕੇ ਭੋਲੇ-ਭਾਲੇ ਲੋਕਾਂ ਨੂੰ ਮੌਤ ਦੇ ਕੂਏਂ ਵਿਚ ਧੱਕਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਲਮੀਨੀ ਹਲਕੇ ਵਿਚ ਵੀ ਇਸ ਵੇਲੇ ਇਕ ਵੱਡੀ ਕਾਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਕੱਟੀ ਜਾ ਰਹੀ ਹੈ। ਇਸ ਕਾਲੋਨੀ ਨੂੰ ਤਿਆਰ ਕਰਨ ਲਈ ਨਗਰ ਨਿਗਮ ਤੋਂ ਕੋਈ ਵੀ ਲੇਆਊਟ ਪਲਾਨ ਪਾਸ ਨਹੀਂ ਕਰਵਾਇਆ ਤੇ ਨਾ ਹੀ ਲੋੜੀਂਦੀਆਂ ਸਰਕਾਰੀ ਫੀਸਾਂ ਭਰੀਆਂ ਗਈਆਂ ਹਨ। ਪ੍ਰਸ਼ਾਸਨਿਕ ਕਾਰਵਾਈ ਤੋਂ ਬਚਣ ਲਈ ਇਥੇ ਬਹੁਤ ਹੀ ਚਲਾਕੀ ਨਾਲ ਕੰਮ ਚਲਾਇਆ ਜਾ ਰਿਹਾ ਹੈ, ਤਾਂ ਜੋ ਅਧਿਕਾਰੀਆਂ ਦੀ ਨਜ਼ਰ ਵਿਚ ਆਉਣ ਤੋਂ ਪਹਿਲਾਂ ਹੀ ਪਲਾਟ ਵੇਚ ਦਿੱਤੇ ਜਾਣ।
ਸਰਕਾਰੀ ਖ਼ਜ਼ਾਨੇ ਨੂੰ ਚੂਨਾ ਤੇ ਜਨਤਾ ਨਾਲ ਧੋਖਾ
ਇਨ੍ਹਾਂ ਨਾਜਾਇਜ਼ ਕਾਲੋਨੀਆਂ ਕਾਰਨ ਜਿਥੇ ਨਗਰ ਨਿਗਮ ਤੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਲੱਖਾਂ-ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਆਮ ਲੋਕ ਆਪਣੀ ਖੂਨ-ਪਸੀਨੇ ਦੀ ਕਮਾਈ ਇਨ੍ਹਾਂ ਗੈਰ-ਕਾਨੂੰਨੀ ਪਲਾਟਾਂ ਵਿਚ ਫਸਾ ਰਹੇ ਹਨ। ਬਾਹਰੋਂ ਆ ਕੇ ਪਲਾਟ ਵੇਚਣ ਵਾਲੇ ਕਾਲੋਨਾਈਜ਼ਰ ਮੋਟਾ ਮੁਨਾਫਾ ਕਮਾ ਕੇ ਰਫ਼ੂਚੱਕਰ ਹੋ ਜਾਂਦੇ ਹਨ, ਜਦਕਿ ਬਾਅਦ ਵਿਚ ਨਿਗਮ ਦੀ ਡੈਮੋਲੀਸ਼ਨ (ਤੋੜਫੋੜ) ਦੀ ਕਾਰਵਾਈ ਦਾ ਖ਼ਾਮਿਆਜ਼ਾ ਮਕਾਨ ਬਣਾਉਣ ਵਾਲੇ ਗਰੀਬ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸ ਮਾਮਲੇ ਸੰਬੰਧੀ ਸਥਾਨਕ ਲੋਕਾਂ ਨੇ ਭਰੇ ਮਨ ਨਾਲ ਕਿਹਾ ਕਿ, ਕੀ ਪ੍ਰਸ਼ਾਸਨ ਕਿਸੇ ਹੋਰ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ? ਜੇਕਰ ਅਸਲ੍ਹਾ ਡਿਪੂ ਕੋਲ ਦੁਬਾਰਾ ਕੋਈ ਦੁਰਘਟਨਾ ਹੁੰਦੀ ਹੈ ਤਾਂ ਇਨ੍ਹਾਂ ਨਾਜਾਇਜ਼ ਬਣ ਰਹੀਆਂ ਕਾਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੌਣ ਕਰੇਗਾ। ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਮੀਨੀ ਵਿਚ ਚੱਲ ਰਹੇ ਇਸ ਧੰਦੇ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਮੌਕੇ ‘ਤੇ ਚੱਲ ਰਹੇ ਕੰਮ ਨੂੰ ਤੁਰੰਤ ਸੀਲ ਕੀਤਾ ਜਾਵੇ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਕਾਲੋਨਾਈਜ਼ਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਐਫ. ਆਈ. ਆਰ. ਦਰਜ ਕੀਤੀ ਜਾਵੇ।
ਪਿਛਲੀ ਖ਼ਬਰ ਭਗਵਾਨ ਸ੍ਰੀ ਜਗਨਨਾਥ ਦੀ ਵਿਸ਼ਾਲ ਰੱਥ ਯਾਤਰਾ ’ਚ ਸ਼ਰਧਾਲੂਆਂ ਨੇ ਲਿਆ ਹਿੱਸਾ ਅਗਲੀ ਖ਼ਬਰ ਮਗਨਰੇਗਾ ਯੂਨੀਅਨ ਪਠਾਨਕੋਟ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।