12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਗੁਰਦਾਸਪੁਰ ਵਿਚ ਖਾਦ ਦੀ ਕਾਲਾ ਬਾਜ਼ਾਰੀ ਤੇ ਟੈਗਿੰਗ ਖ਼ਿਲਾਫ਼ ਖੇਤੀਬਾੜੀ ਵਿਭਾਗ ਦਾ ਵੱਡਾ ਐਕਸ਼ਨ *26 ਸੈਂਪਲ ਭਰੇ, ਕਈ ਡੀਲਰਾਂ ਨੂੰ ਨੋਟਿਸ ਜਾਰੀ

ਅਜੀਤ ਡੈਸਕ 17-07-2026
ਗੁਰਦਾਸਪੁਰ, 16 ਜੁਲਾਈ (ਚੱਕਰਾਜਾ)-ਗੁਰਦਾਸਪੁਰ ਜ਼ਿਲ੍ਹੇ ਵਿਚ ਖਾਦ ਦੀ ਕਾਲਾ ਬਾਜ਼ਾਰੀ ਅਤੇ ਯੂਰੀਆ ਖਾਦ ਨਾਲ ਜ਼ਬਰਦਸਤੀ ਹੋਰ ਸਮਾਨ ਵੇਚਣ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਅੱਜ ਜ਼ਿਲ੍ਹਾ ਪੱਧਰ ‘ਤੇ ਵੱਡੀ ਚੈਕਿੰਗ ਮੁਹਿੰਮ ਚਲਾਈ। ਮੁੱਖ ਖੇਤੀਬਾੜੀ ਅਫ਼ਸਰ ਡਾ: ਸ਼ਾਹਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਵੱਖ-ਵੱਖ ਬਲਾਕਾਂ ਵਿਚ ਇਕੋ ਸਮੇਂ ਟੀਮਾਂ ਵਲੋਂ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕਰੀਬ 80 ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਤੇ 26 ਸੈਂਪਲ ਭਰੇ ਗਏ। ਜਿਨ੍ਹਾਂ ਦੁਕਾਨਾਂ ਵਿਚ ਨਿਯਮਾਂ ਦੀ ਉਲੰਘਣਾ ਜਾਂ ਹੋਰ ਊਣਤਾਈਆਂ ਮਿਲੀਆਂ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਜਵਾਬ ਤਸੱਲੀਬਖ਼ਸ਼ ਨਾ ਹੋਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾ: ਚੀਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਵੀ ਕਿਸਾਨ ਦੀ ਖੱਜਲ-ਖੁਆਰੀ ਜਾਂ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਰੇ ਖਾਦ, ਬੀਜ ਤੇ ਕੀਟਨਾਸ਼ਕ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਗੈਰ-ਮਿਆਰੀ ਵਸਤੂ ਨਾ ਵੇਚੀ ਜਾਵੇ ਤੇ ਯੂਰੀਆ ਨਾਲ ਕਿਸੇ ਹੋਰ ਸਮਾਨ ਦੀ ਜ਼ਬਰਦਸਤੀ ਵਿੱਕਰੀ ਨਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦੁਕਾਨਦਾਰ ਵਲੋਂ ਘਟੀਆ ਗੁਣਵੱਤਾ ਦੀ ਦਵਾਈ ਜਾਂ ਖਾਦ ਦਿੱਤੀ ਜਾਂਦੀ ਹੈ ਜਾਂ ਜ਼ਬਰਦਸਤੀ ਹੋਰ ਸਮਾਨ ਖਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਤਾਂ ਉਹ ਸਬੰਧਿਤ ਬਲਾਕ ਖੇਤੀਬਾੜੀ ਦਫ਼ਤਰ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ, ਨਾਲ ਹੀ, ਖਾਦ, ਬੀਜ ਜਾਂ ਦਵਾਈ ਖਰੀਦਦੇ ਸਮੇਂ ਬਿੱਲ ਲੈਣਾ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਗਈ।
ਪਿਛਲੀ ਖ਼ਬਰ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ’ਚ ਵਿਗਿਆਨ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ ਕਾਦੀਆਂ ਤੇ ਸ. ਹਾਈ ਸਕੂਲ ਬਸਰਾਵਾਂ ਦਾ ਮੁਕੇਸ਼ ਵਰਮਾ ਨੇ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।