14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨੌਮਣੀ ਨਾਲੇ ਦੇ ਬੰਨ੍ਹ ’ਚ ਪਏ ਪਾੜ ਕਾਰਨ ਖੇਤਾਂ ’ਚ ਵੜਿਆ ਪਾਣੀ

ਅਜੀਤ ਡੈਸਕ 05-07-2026
ਗੁਰਦਾਸਪੁਰ, 4 ਜੁਲਾਈ (ਚੱਕਰਾਜਾ)-ਪਿਛਲੇ ਸਾਲ ਸਰਹੱਦੀ ਖੇਤਰ ਅੰਦਰ ਆਏ ਹੜ੍ਹ ਕਾਰਨ ਅੱਡਾ ਗਾਹਲੜੀ ਨੇੜਿਓਂ ਨੌਮਣੀ ਨਾਲੇ ਦੇ ਕਿਨਾਰੇ ’ਤੇ ਬਣਿਆ ਬੰਨ੍ਹ ਟੁੱਟ ਗਿਆ ਸੀ। ਪਰ ਪ੍ਰਸ਼ਾਸਨ ਵਲੋਂ ਬੰਨ੍ਹ ’ਚ ਪਏ ਪਾੜ ਨੂੰ ਨਾ ਪੂਰੇ ਜਾਣ ਕਾਰਨ ਬੀਤੀ ਰਾਤ ਨੌਮਣੀ ਨਾਲੇ ਵਿਚ ਅਚਨਚੇਤ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਦਾਖ਼ਲ ਹੋ ਗਿਆ, ਜਿਸ ਨਾਲ ਇਕ ਵਾਰ ਫਿਰ ਪਿਛਲੇ ਸਾਲ ਦੀ ਤਰ੍ਹਾਂ ਹੜ੍ਹ ਦੇ ਹਾਲਾਤ ਬਣਦੇ ਨਜ਼ਰ ਆਏ । ਪਰ ਨੌਮਣੀ ਨਾਲੇ ’ਤੇ ਗਾਹਲੜੀ ਨੇੜੇ ਬਣੇ ਹੈੱਡ ਵਰਕਸ ਤੋਂ ਗੇਟ ਖੋਲ੍ਹਣ ਤੋਂ ਬਾਅਦ ਪਾਣੀ ਦਾ ਪੱਧਰ ਖੇਤਾਂ ਤੋਂ ਹੇਠਾਂ ਆ ਗਿਆ, ਪਰ ਇਹ ਘਟਨਾ ਸੋਸ਼ਲ ਮੀਡੀਆ ਰਾਹੀਂ ਅੱਗ ਵਾਂਗ ਫੈਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਵੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਅਤੇ ਨੌਮਣੀ ਦੇ ਗੇਟ ਖੋਲ੍ਹਣ ਬਾਰੇ ਕਿਹਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਗਾਹਲੜੀ ਨੇੜਿਓਂ ਲੰਘਦਾ ਇਹ ਨੌਮਣੀ ਨਾਲਾ, ਜਿਸ ’ਚੋਂ ਗਾਹਲੜੀ ਨੇੜਿਓਂ ਇਕ ਸਿੰਚਾਈ ਨਹਿਰ ਕੱਢੀ ਹੈ ਜੋ ਵੱਖ ਵੱਖ ਪਿੰਡਾਂ ਨੇੜਿਓਂ ਹੁੰਦੀ ਹੋਈ ਡੇਰਾ ਬਾਬਾ ਨਾਨਕ ਵੱਲ ਜਾਂਦੀ ਹੈ ਅਤੇ ਸੈਂਕੜੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਇਸ ਨਹਿਰ ਦਾ ਪਾਣੀ ਲੱਗਦਾ ਹੈ। ਜਿਸ ਕਾਰਨ ਜਦ ਵੀ ਨੌਮਣੀ ਨਾਲੇ ’ਤੇ ਬਣੇ ਗੇਟਾਂ ਨੂੰ ਬੰਦ ਕਰਕੇ ਨਹਿਰ ਵਿਚ ਪਾਣੀ ਪਾਇਆ ਜਾਂਦਾ ਤਾਂ ਨਹਿਰ ਦੀ ਉਚਾਈ ਨੌਮਣੀ ਨਾਲੇ ਤੋਂ ਉੱਚੀ ਹੋਣ ਕਾਰਨ ਪਾਣੀ ਨੌਮਣੀ ਤੋਂ ਬਾਹਰ ਨੇੜਲੇ ਖੇਤਾਂ ਵਿਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਕਈ ਪਿੰਡਾਂ ਦੀ ਫ਼ਸਲ ਪ੍ਰਭਾਵਿਤ ਹੁੰਦੀ ਹੈ । ਬੀਤੀ ਰਾਤ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਕਿ ਨਹਿਰ ’ਚ ਪਾਣੀ ਪਾਉਣ ਲਈ ਨੌਮਣੀ ’ਤੇ ਬਣੇ ਗੇਟ ਬੰਦ ਕੀਤੇ ਗਏ ਸਨ । ਪਰ ਪਿੱਛੋਂ ਅਚਾਨਕ ਪਾਣੀ ਜ਼ਿਆਦਾ ਆਉਣ ਕਾਰਨ ਨੌਮਣੀ ਨਾਲਾ ਓਵਰਫ਼ਲੋ ਹੋ ਗਿਆ ਅਤੇ ਪਾਣੀ ਖੇਤਾਂ ਵਿਚ ਇਕੱਠਾ ਹੋਣ ਦੀ ਬਜਾਏ ਧੁੱਸੀ ਬੰਨ੍ਹ ਵਿਚ ਪਏ ਪਾੜ ਰਾਹੀਂ ਪਿੰਡਾਂ ਨੂੰ ਆਉਣਾ ਸ਼ੁਰੂ ਹੋ ਗਿਆ । ਪਰ ਨੌਮਣੀ ਦੇ ਗੇਟ ਚੁੱਕਣ ਤੋਂ ਬਾਅਦ ਇਹ ਪਾਣੀ ਮੁੜ ਨੌਮਣੀ ਨਾਲੇ ’ਚ ਚਲਿਆ ਗਿਆ । ਇਹ ਵੀ ਜ਼ਿਕਰਯੋਗ ਹੈ ਕਿ ਨੌਮਣੀ ਨਾਲੇ ’ਤੇ ਬਣੇ ਗੇਟ ਜਿਨ੍ਹਾਂ ’ਤੇ ਲੱਗੀਆਂ ਮੋਟਰਾਂ ਕਈ ਚਿਰਾਂ ਤੋਂ ਬੰਦ ਪਈਆਂ ਅਤੇ ਇਨ੍ਹਾਂ ਗੇਟਾਂ ਨੂੰ ਹੱਥ ਨਾਲ ਹੈਂਡਲ ਘੁਮਾ ਕੇ ਖੋਲ੍ਹਿਆ ਜਾਂਦਾ ਹੈ, ਜਿਸ ਨਾਲ ਗੇਟ ਖੋਲ੍ਹਣ ਲਈ ਕਈ ਵਾਰ ਕਾਫ਼ੀ ਸਮਾਂ ਲੱਗਦਾ ਹੈ।
ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ
ਬੀਤੀ ਰਾਤ ਨੌਮਣੀ ਨਾਲੇ ’ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਾਣੀ ਖੇਤਾਂ ਵਿਚ ਆਉਣ ਦੀ ਖ਼ਬਰ ਨੂੰ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਧਾ ਚੜ੍ਹ ਕੇ ਪੇਸ਼ ਕੀਤਾ ਗਿਆ। ਜਿਸ ਨਾਲ ਹੜ੍ਹਾਂ ਦੀ ਮਾਰ ਤੋਂ ਡਰੇ ਲੋਕਾਂ ਵਿਚ ਇਕਦਮ ਸਹਿਮ ਪਾਇਆ ਗਿਆ। ਇਥੋਂ ਤੱਕ ਕਿ ਇਕ ਨੋਜਵਾਨ ਵਲੋਂ ਸੋਸ਼ਲ ਮੀਡੀਆ ’ਤੇ ਪਾਣੀ ਪੋਸਟ ’ਚ ਪਾਣੀ 3-4 ਫੁੱਟ ਪਿੰਡਾਂ ਵੱਲ ਵਧਣ ਦੀ ਗੱਲ ਕਹੀ ਗਈ। ਜਿਸ ਤੋਂ ਬਾਅਦ ਸਰਹੱਦੀ ਲੋਕਾਂ ਨੂੰ ਦੂਰ ਦੁਰਾਡੇ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵੀ ਫੋਨ ਆਉਣੇ ਸ਼ੁਰੂ ਹੋ ਗਏ । ਇਥੋਂ ਤੱਕ ਕਿ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਵਲੋਂ ਫੋਨ ਕਰਨੇ ਸ਼ੁਰੂ ਕਰ ਦਿੱਤੇ ਗਏ। ਬਿਨਾਂ ਸੱਚ ਜਾਣੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਅਫ਼ਵਾਹ ਫੈਲਾਉਣ ਵਾਲੇ ਲੋਕਾਂ ਸਬੰਧੀ ਬੀ.ਕੇ.ਯੂ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ, ਦਲਬੀਰ ਸਿੰਘ ਜੀਵਨਚੱਕ ਨੇ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਪ੍ਰਸ਼ਾਸਨ ਸਖਤ ਕਾਰਵਾਈ ਕਰੇ, ਕਿਉਂਕਿ ਇਨ੍ਹਾਂ ਵਲੋਂ ਬਿਨਾਂ ਸੱਚ ਜਾਣਿਆ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਚਿੰਤਤ ਕੀਤਾ ਗਿਆ ਹੈ ।
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਧੌਲਪੁਰ ਵਿਖੇ ਲੋਕ ਮਿਲਣੀ ਕੀਤੀ ਅਗਲੀ ਖ਼ਬਰ ਸਮਾਜ ਸੇਵੀ ਡਾ. ਜਸਵਿੰਦਰ ਕੌਰ ਨੇ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।