ਤਾਰਾਗੜ੍ਹ, 2 ਜੂਨ (ਸੋਹਨ ਲਾਲ)-ਜ਼ਿਲ੍ਹਾ ਪਠਾਨਕੋਟ ਦੀ ਧਰਤੀ 'ਤੇ ਭਾਰਤ ਦੀ ਸਭ ਤੋਂ ਵੱਧ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਸਰਕਾਰਾਂ ਵਲੋਂ ਪਠਾਨਕੋਟ ਦੀ ਧਰਤੀ ਨੂੰ ਲੀਚੀ ਜ਼ੋਨ ਦੇ ਨਾਮ ਨਾਲ ਨਿਵਾਜਿਆ ਗਿਆ ਹੈ | ਇਸ ਵਾਰ ਲੀਚੀ ਕਿਸਾਨਾਂ ਦੇ ਚਿਹਰੇ ਉੱਤਰੇ ਦਿੱਖ ਰਹੇ ਹਨ | ਜਿਸ ਦੀ ਵਜ੍ਹਾ ਹੈ ਅੱਤ ਦੀ ਗਰਮੀ ਦੇ ਪ੍ਰਕੋਪ ਨਾਲ ਇਸ ਵਾਰ ਲੀਚੀ ਦੀ ਫ਼ਸਲ ਕਾਫ਼ੀ ਪ੍ਰਭਾਵਿਤ ਹੋਈ ਹੈ | ਗਰਮੀ ਕਾਰਨ ਲੀਚੀ ਦਾ ਫਲ ਦਰੱਖਤਾਂ 'ਤੇ ਹੀ ਫੱਟਣਾ ਸ਼ੁਰੂ ਹੋ ਗਿਆ ਹੈ | ਜਿਸ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਕਸਬਾ ਸਿਹੋੜਾ ਖ਼ੁਰਦ ਦੇ ਨਜ਼ਦੀਕ ਪੈਂਦੇ ਪਿੰਡ ਕਤਾਣੀ ਦੇ ਕਿਸਾਨ ਸੁਖਵਿੰਦਰ ਸਿੰਘ, ਨੰਬਰਦਾਰ ਜੋਗਿੰਦਰ ਸਿੰਘ ਅਤੇ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਵਾਰ ਅਪ੍ਰੈਲ ਅਤੇ ਮਈ ਮਹੀਨੇ ਵਿਚ ਹੀ ਗਰਮੀ ਨੇ ਅੱਤ ਕਰ ਦਿੱਤੀ ਸੀ | ਜਿਸ ਕਾਰਨ ਜ਼ਿਆਦਾਤਰ ਲੀਚੀ ਦਾ ਫਲ ਦਰਖਤਾਂ ਉੱਪਰ ਹੀ ਫੱਟਣਾ ਸ਼ੁਰੂ ਹੋ ਗਿਆ ਅਤੇ ਸੁੱਕ ਗਿਆ | ਕਿਸਾਨਾਂ ਨੇ ਅਨੁਮਾਨ ਲਗਾਇਆ ਕਿ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕਿਸਾਨ ਨੰਬਰਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਠਾਨਕੋਟ ਵਿਖੇ ਪਈ ਗੜੇਮਾਰੀ ਦੌਰਾਨ ਜਮਾਲਪੁਰ ਏਰੀਏ ਦੇ ਕਿਸਾਨਾਂ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੀ ਜ਼ਿਆਦਾਤਰ ਫ਼ਸਲ ਬਰਬਾਦ ਹੋ ਚੁੱਕੀ ਹੈ | ਕਿਸਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਲੀਚੀ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਹੋਈ ਫ਼ਸਲ ਬਰਬਾਦ ਦਾ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ | ਇਸ ਮੌਕੇ ਜੋਗਿੰਦਰ ਸਿੰਘ ਕਤਾਣੀ, ਸੁਖਵਿੰਦਰ ਸਿੰਘ ਕਤਾਣੀ, ਪ੍ਰਤਾਪ ਸਿੰਘ, ਭਾਨੂ ਪ੍ਰਤਾਪ ਸਿੰਘ ਅਤੇ ਮਹਿੰਦਰ ਸਿੰਘ ਆਦਿ ਮੌਜੂਦ ਸਨ |