ਘਰੋਟਾ-ਚੌਹਾਨ ਸੜਕ ਦਾ ਨਿਰਮਾਣ ਇਕ ਸਾਲ ਬਾਅਦ ਵੀ ਅਧੂਰਾ, ਪੰਜ ਪਿੰਡਾਂ ਦੇ ਲੋਕ ਪ੍ਰੇਸ਼ਾਨ
ਘਰੋਟਾ, 25 ਅਕਤੂਬਰ (ਸੰਜੀਵ ਗੁਪਤਾ)-ਘਰੋਟਾ ਤੋਂ ਚੌਹਾਨ ਨੂੰ ਜੋੜਨ ਵਾਲੀ ਮੰਡੀ ਬੋਰਡ ਦੇ ਅਧੀਨ ਆਉਂਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਏ ਕਰੀਬ ਇਕ ਸਾਲ ਬੀਤ ਚੁੱਕਾ ਹੈ, ਪਰ ਅਜੇ ਤੱਕ ਇਹ ਕੰਮ ਮੁਕੰਮਲ ਨਹੀਂ ਹੋ ਸਕਿਆ । ਇਸ ਕਾਰਨ ਚੌਹਾਨ ਸਮੇਤ ਆਸ-ਪਾਸ ਦੇ ਪੰਜ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਘਰੋਟਾ, 25 ਅਕਤੂਬਰ (ਸੰਜੀਵ ਗੁਪਤਾ)-ਘਰੋਟਾ ਤੋਂ ਚੌਹਾਨ ਨੂੰ ਜੋੜਨ ਵਾਲੀ ਮੰਡੀ ਬੋਰਡ ਦੇ ਅਧੀਨ ਆਉਂਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਏ ਕਰੀਬ ਇਕ ਸਾਲ ਬੀਤ ਚੁੱਕਾ ਹੈ, ਪਰ ਅਜੇ ਤੱਕ ਇਹ ਕੰਮ ਮੁਕੰਮਲ ਨਹੀਂ ਹੋ ਸਕਿਆ । ਇਸ ਕਾਰਨ ਚੌਹਾਨ ਸਮੇਤ ਆਸ-ਪਾਸ ਦੇ ਪੰਜ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੜਕ ਦੀ ਖਸਤਾ ਹਾਲਤ ਕਾਰਨ ਵਾਹਨ ਚਾਲਕਾਂ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਵੀ ਰੋਜ਼ਾਨਾ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ । ਜਾਣਕਾਰੀ ਅਨੁਸਾਰ ਮਈ 2025 ਵਿਚ ਚੌਹਾਨ-ਘਰੋਟਾ ਸੰਪਰਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ । ਸ਼ੁਰੂਆਤ ’ਚ ਸੜਕ ਦਾ ਕੁਝ ਹਿੱਸਾ ਠੀਕ ਸੀ, ਪਰ ਬਾਅਦ ਵਿਚ ਜੇ.ਸੀ.ਬੀ. ਮਸ਼ੀਨ ਨਾਲ ਸੜਕ ਦੀ ਪੁਟਾਈ ਕੀਤੇ ਜਾਣ ਤੋਂ ਬਾਅਦ ਇਸ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ । ਹੁਣ ਸੜਕ ਤੋਂ ਮਿੱਟੀ, ਬੱਜਰੀ ਤੇ ਪੱਥਰ ਉੱਖੜਨ ਲੱਗ ਪਏ ਹਨ, ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਲਈ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ । ਮੰਡਲ ਪ੍ਰਧਾਨ ਸੰਜੀਵ ਸਿੰਘ ਸਿਟੀ ਪ੍ਰਧਾਨ ਬਲਵੀਰ ਸਿੰਘ, ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰ ਨੇ ਦੱਸਿਆ ਕਿ ਚੌਹਾਨ ਪਿੰਡ ਦੇ ਲੋਕਾਂ ਨੂੰ ਬੈਂਕ, ਬਾਜ਼ਾਰ, ਸਕੂਲ ਤੇ ਹੋਰ ਜ਼ਰੂਰੀ ਕੰਮਾਂ ਲਈ ਘਰੋਟਾ ਜਾਣਾ ਪੈਂਦਾ ਹੈ । ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਸੜਕ ਤੋਂ ਉੱਖੜੀ ਬੱਜਰੀ ਤੇ ਪੱਥਰਾਂ ਕਾਰਨ ਦੋ ਪਹੀਆ ਵਾਹਨ ਚਾਲਕਾਂ ਅਤੇ ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਦਿੱਕਤਾਂ ਆ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਚੌਹਾਨ ਤੋਂ ਇਲਾਵਾ ਕੁੰਡੇ, ਗੋਪਾਲੀਆਂ, ਘੇਸਲ, ਕੁਲੀਆਂ ਤੇ ਚੇਚੀਆਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇਸ ਸੜਕ ਦੀ ਵਰਤੋਂ ਕਰਦੇ ਹਨ । ਅਜਿਹੇ ਵਿਚ ਨਿਰਮਾਣ ਕਾਰਜ ਅਧੂਰਾ ਰਹਿਣ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ । ਇਸ ਸਬੰਧੀ ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰ, ਸਾਬਕਾ ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ, ਸੰਜੀਵ ਪਠਾਨੀਆ, ਬਲਬੀਰ ਸਿੰਘ, ਬਲਦੇਵ ਕੱਥਾ, ਅਸ਼ੋਕ ਕੁਮਾਰ, ਰਾਕੇਸ਼ ਕੱਥਾ ਸਮੇਤ ਹੋਰ ਲੋਕਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਵਾਇਆ ਜਾਵੇ ਤੇ ਇਸ ਉੱਪਰ ਪ੍ਰੀਮਿਕਸ ਪਾਇਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਸੰਭਾਵਿਤ ਹਾਦਸਿਆਂ ਤੋਂ ਬਚਾਅ ਹੋ ਸਕੇ । ਉੱਧਰ ਸੜਕ ਦੇ ਨਿਰਮਾਣ ਕਾਰਜ ਸਬੰਧੀ ਜਦੋਂ ਸਬੰਧਿਤ ਜੇ.ਈ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਦੋ ਹਫ਼ਤਿਆਂ ਦੇ ਅੰਦਰ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ।