ਘੱਲੂਘਾਰਾ ਸਾਹਿਬ/ਕਾਹਨੂੰਵਾਨ, 2 ਜੂਨ (ਪਰਮ ਮਿਨਹਾਸ/ਚਾਹਲ)-ਬਲਾਕ ਕਾਹਨੂੰਵਾਨ ਦੇ ਪਿੰਡ ਗੁਨੋਵਾਲ ਸੈਦਵਾਲ ਵਿਖੇ ਬੀਤੇ ਕੱਲ ਪੱਗੜੀ ਸੰਭਾਲ ਜੱਟਾ ਲਹਿਰ ਜਥੇਬੰਦੀ ਨੇ ਖਾਦ ਵਿਕਰੇਤਾ ਖਿਲਾਫ਼ ਧਰਨਾ ਲਗਾਇਆ ਸੀ | ਇਸ ਮਾਮਲੇ ਦੇ ਸੰਬੰਧ ਵਿਚ ਪ੍ਰਸ਼ਾਸਨ ਵਲੋਂ ਦਿੱਤੇ ਹੋਏ ਸਮੇਂ ਅਨੁਸਾਰ ਅੱਜ ਕਿਸਾਨ ਜਥੇਬੰਦੀਆਂ ਨੇ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਠਾਕੁਰ ਰਣਧੀਰ ਸਿੰਘ ਨਾਲ ਮੁਲਾਕਾਤ ਕੀਤੀ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਡੀਲਰ ਕਿਸਾਨਾਂ ਨੂੰ ਖਾਦ ਦੇ ਨਾਲ ਦਵਾਈਆਂ ਖਰੀਦਣ ਲਈ ਧੱਕੇ ਨਾਲ ਮਜਬੂਰ ਕਰ ਰਿਹਾ ਸੀ | ਮੁੱਖ ਖੇਤੀਬਾੜੀ ਅਫ਼ਸਰ ਨੇ ਤੁਰੰਤ ਪ੍ਰਭਾਵ ਨਾਲ ਉਕਤ ਡੀਲਰ ਦਾ ਲਾਇਸੰਸ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਡੀਲਰ ਦੇ ਸਟੋਕ ਅਤੇ ਸਮੱੁਚੇ ਕਾਰੋਬਾਰੀ ਵਰਤਾਰੇ ਦੀ ਪੜਤਾਲ ਕਰਨਗੀਆਂ | ਇਸ ਮੌਕੇ ਕਿਸਾਨ ਆਗੂਆਂ ਬਲਜਿੰਦਰ ਸਿੰਘ ਚੀਮਾ, ਵਿਜੇ ਕੁਮਾਰ, ਠਾਕੁਰ ਬਲਦੇਵ ਸਿੰਘ, ਜਤਿੰਦਰ ਸਿੰਘ ਲਾਲੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਹਫਤੇ ਵਿਚ ਇਨਸਾਫ ਨਾ ਮਿਲਿਆ ਤਾਂ ਉਹ ਹਾਈਵੇ ਜਾਮ ਕਰ ਕੇ ਵੱਡਾ ਸੰਘਰਸ਼ ਵਿੱਢਣਗੇ | ਖੇਤੀਬਾੜੀ ਅਫਸਰ ਠਾਕੁਰ ਰਣਧੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਜਾਂਚ ਵਿਚ ਡੀਲਰਾਂ ਦੇ ਨਾਲ-ਨਾਲ ਕੋਈ ਥੋਕ ਵਿਕਰੇਤਾ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ | ਇਹ ਮਾਮਲਾ ਕਿਸਾਨਾਂ ਦੇ ਸੋਸ਼ਣ ਨੂੰ ਰੋਕਣ ਅਤੇ ਖੇਤੀਬਾੜੀ ਬੀਜਾਂ ਦੀ ਵਿਕਰੀ ਵਿਚ ਪਾਰਦਰਸ਼ਤਾ ਲਿਆਉਣ ਲਈ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ | ਇਸ ਮੌਕੇ ਜਗਜੀਤ ਸਿੰਘ ਭੈਣੀ ਪਸਵਾਲ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਸਹਿਬ ਸਿੰਘ, ਕਮਲਜੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਅਜਮੇਰ ਸਿੰਘ, ਹਰਪਾਲ ਸਿੰਘ, ਲਵਪ੍ਰੀਤ ਸਿੰਘ, ਪਵਨਦੀਪ ਸਿੰਘ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਸਾਹਿਬ ਸਿੰਘ, ਮਨਜੀਤ ਸਿੰਘ, ਕਮਲਜੀਤ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |