ਕਾਦੀਆਂ, 2 ਜੂਨ (ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੇ 15 ਵਾਰਡਾਂ ਲਈ 13 ਜੂਨ ਨੂੰ ਹੋਣ ਜਾ ਰਹੀ ਚੋਣਾਂ ਦੀਆਂ ਨਾਮਜ਼ਦਗੀਆਂ ਵਾਸਤੇ ਵੱਡੀਆਂ ਸਿਆਸੀ ਪਾਰਟੀਆਂ ਵੀ ਚੋਣ ਮੈਦਾਨ 'ਚ ਨਿੱਤਰ ਗਈਆਂ ਤੇ ਉਨ੍ਹਾਂ ਦੇ ਉਮੀਦਵਾਰਾਂ ਵਲੋਂ ਵੱਖ-ਵੱਖ ਵਾਰਡਾਂ ਤੋਂ ਖੜ੍ਹੇ ਹੋਏ ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਮਾਰਕਿਟ ਕਮੇਟੀ ਕਾਦੀਆਂ ਦੇ ਦਫ਼ਤਰ ਵਿਖੇ ਰਿਟਰਨਿੰਗ ਅਫ਼ਸਰ-ਕਮ-ਸਹਾਇਕ ਐਕਸਾਈਜ਼ ਕਮਿਸ਼ਨਰ ਸ੍ਰੀਮਤੀ ਸੁਖਨੰਦਨਦੀਪ ਕੌਰ ਕੋਲ ਦਾਖ਼ਲ ਕਰਵਾਈਆਂ | ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨਾਲ ਹਲਕਾ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਤੇ ਭਾਜਪਾ ਦੇ ਉਮੀਦਵਾਰਾਂ ਨਾਲ ਮੰਡਲ ਆਗੂ ਤੇ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਜਾਣਕਾਰੀ ਅਨੁਸਾਰ ਅਕਾਲੀ ਦਲ ਵਲੋਂ 21 ਉਮੀਦਵਾਰਾਂ, ਕਾਂਗਰਸ ਵਲੋਂ 28 ਤੇ ਭਾਜਪਾ ਵਲੋਂ 13 ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ | ਹੁਣ ਤੱਕ ਕਾਦੀਆਂ ਦੇ 15 ਵਾਰਡਾਂ ਲਈ ਕੁੱਲ 72 ਨਾਮਜ਼ਦਗੀਆਂ ਭਰੀਆਂ ਗਈਆਂ ਹਨ | ਕਾਂਗਰਸ ਤੇ ਅਕਾਲੀ ਦਲ ਵਲੋਂ 14 ਵਾਰਡਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ | ਭਾਜਪਾ ਵਲੋਂ ਅੱਜ 13 ਵਾਰਡਾਂ ਲਈ ਨਾਮਜ਼ਦਗੀਆਂ ਭਰੀਆਂ ਗਈਆਂ ਹਨ | ਅਹਿਮਦੀਆ ਭਾਈਚਾਰੇ ਦੇ ਵਾਰਡ 6 ਤੋਂ ਕਿਸੇ ਸਿਆਸੀ ਪਾਰਟੀ ਵਲੋਂ ਕੋਈ ਉਮੀਦਵਾਰ ਸਾਹਮਣੇ ਨਹੀਂ ਆਇਆ | ਉੱਥੇ ਖੜ੍ਹੇ ਹੋਣ ਵਾਲੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਜਾਵੇਗਾ | ਅੱਜ 3 ਜੂਨ ਨੂੰ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੈ, ਜਿਸ ਵਿਚ ਹੋਰ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦੀ ਆਸ ਹੈ | ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਤੇ ਗੁਰਇਕਬਾਲ ਸਿੰਘ ਮਾਹਲ ਵਲੋਂ ਆਪੋ-ਆਪਣੀ ਜਿੱਤ ਦਾ ਦਾਅਵਾ ਕੀਤਾ ਹੈ | ਜ਼ਿਕਰਯੋਗ ਹੈ ਕਿ ਕਾਦੀਆਂ ਨਗਰ ਕੌਂਸਲ ਸਮੇਤ ਜ਼ਿਲ੍ਹੇ ਦੀਆਂ 2 ਹੋਰ ਨਗਰ ਕੌਂਸਲਾਂ ਅੰਦਰ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਈ.ਵੀ.ਐੱਮ. ਮਸ਼ੀਨਾਂ ਰਾਹੀਂ ਵੋਟਿੰਗ ਕਰਵਾਈ ਜਾਵੇਗੀ |