ਬਟਾਲਾ, 2 ਜੂਨ (ਸਤਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ 'ਚ ਚੋਣ ਪ੍ਰਚਾਰ ਦੌਰਾਨ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕਿਹਾ ਗਿਆ ਸੀ ਕਿ ਜਿਹੜਾ ਵੀ ਕੌਂਸਲਰ ਸਭ ਤੋਂ ਵੱਧ ਵੋਟਾਂ 'ਤੇ ਜਿੱਤੇਗਾ, ਉਸ ਦੀ ਵਾਰਡ ਨੂੰ ਇਕ ਕਰੋੜ ਰੁਪਇਆ ਦਿੱਤਾ ਜਾਵੇਗਾ | ਨਤੀਜੇ ਆਉਣ ਤੋਂ ਬਾਅਦ ਸ਼ਹਿਰ ਦਾ ਸਭ ਤੋਂ ਮਹੱਤਵਪੂਰਨ ਵਾਰਡ ਨੰ: 31 ਤੋਂ ਕਾਂਗਰਸ ਦੇ ਗੌਰੀ ਸੇਠ 1468 ਵੋਟਾਂ ਦੇ ਫਰਕ ਨਾਲ ਜਿੱਤ ਗਏ, ਜੋ 50 ਵਾਰਡਾਂ ਦੇ ਕੌਂਸਲਰਾਂ 'ਚੋਂ ਸਭ ਤੋਂ ਵੱਧ ਸਨ | ਇਸ ਕਰਕੇ ਗੌਰੀ ਸੇਠ ਦੇ ਭਰਾ ਗੁੱਡੂ ਸੇਠ ਦਾ ਕਹਿਣਾ ਹੈ ਕਿ ਵਿਧਾਇਕ ਨੇ ਬਿਨ੍ਹਾਂ ਕਿਸੇ ਪਾਰਟੀ ਦਾ ਨਾਂਅ ਲਏ ਕੌਂਸਲਰ ਦੀ ਗੱਲ ਕੀਤੀ ਸੀ, ਇਸ ਕਰਕੇ ਅਸੀਂ ਜਿੱਤੇ ਹਾਂ, ਇਕ ਕਰੋੜ ਸਾਡੇ ਵਾਰਡ ਨੂੰ ਮਿਲਣਾ ਚਾਹੀਦਾ ਹੈ, ਕਿਉਂਕਿ ਵਿਧਾਇਕ ਨੇ ਜਦੋਂ ਇਹ ਗੱਲ ਕਹੀ ਤਾਂ ਉਸ ਸਮੇਂ ਕਿਸੇ ਇਕ ਪਾਰਟੀ ਦਾ ਨਾਂਅ ਨਹੀਂ ਲਿਆ ਸੀ | ਸ਼ਹਿਰ ਵਿਚ ਇਕ ਕਰੋੜ ਦੇ ਇਨਾਮ ਨੂੰ ਲੈ ਕੇ ਸਿਆਸਤ ਜ਼ੋਰਾਂ 'ਤੇ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਦਾ ਕਹਿਣਾ ਹੈ ਕਿ 25 ਸਾਲ ਕਾਂਗਰਸ ਲੱੁਟ ਕੇ ਖਾ ਗਈ, ਇਨ੍ਹਾਂ ਨੂੰ ਕਾਹਦਾ ਇਕ ਕਰੋੜ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਤੁਸੀਂ ਏਨੀਆਂ ਜਾਇਦਾਦਾਂ ਬਣਾ ਲਈਆਂ, ਅਜੇ ਤੱਕ ਤੁਹਾਨੂੰ ਕੋਈ ਰੱਜ ਨਹੀਂ ਆਇਆ, ਜਿਸ ਦੇ ਜਵਾਬ ਵਿਚ ਗੁੱਡੂ ਸੇਠ ਦਾ ਕਹਿਣਾ ਹੈ ਕਿ ਤੁਸੀਂ ਟਰਾਲੀ ਚੋਰ ਹੋ ਤੇ ਸਾਰਿਆਂ ਨੂੰ ਪਤਾ ਹੈ ਕਿ ਸਿਆਸਤ 'ਚ ਆਉਣ ਤੋਂ ਪਹਿਲਾਂ ਤੁਹਾਡਾ ਕੀ ਹਾਲ ਸੀ ਤੇ ਹੁਣ ਤੁਹਾਡਾ ਕੀ ਹਾਲ ਹੈ | ਗੁੱਡੂ ਸੇਠ ਨੇ ਕਿਹਾ ਕਿ ਅਸੀਂ ਤਿੰਨ ਸਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਹੇ, ਸਾਡੀਆਂ ਫਾਇਲਾਂ ਉਥੇ ਹੀ ਪਈਆਂ ਹਨ, ਜਾ ਕੇ ਕਢਵਾ ਲਵੋ, ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਨੀਵੇਂ ਥਾਂ 'ਤੇ ਬਹਿਨ ਨੂੰ ਤਿਆਰ ਹਾਂ | ਉਨ੍ਹਾਂ ਕਿਹਾ ਕਿ 5 ਸਾਲ ਸਾਡੀ ਸਰਕਾਰ ਰਹੀ ਹੈ, ਕੋਈ ਉੱਗਲ ਨਹੀਂ ਚੁੱਕ ਸਕਦਾ | ਉਨ੍ਹਾਂ ਕਿਹਾ ਕਿ ਜੇਕਰ ਸਾਡੇ 'ਚ ਕੋਈ ਕਮੀ ਹੁੰਦੀ ਤਾਂ ਕੀ ਇਹ ਸਾਨੂੰ ਬਖਸ਼ਦੇ | ਇਹ ਰੋਜ਼ ਰੋਜ਼ ਦੀ ਸ਼ਬਦੀ ਜੰਗ ਇਥੋਂ ਤੱਕ ਵਧ ਗਈ ਹੈ ਕਿ ਜਦੋਂ ਇਕ ਪਾਰਟੀ ਉਸ ਦਾ ਜਵਾਬ ਦਿੰਦੀ ਹੈ ਤਾਂ ਦੂਜੀ ਪਾਰਟੀ ਉਸ ਦਾ ਮੂੰਹ ਬੰਦ ਕਰਨ ਲਈ ਤਿਆਰ ਹੋਈ ਹੁੰਦੀ ਹੈ | ਅੱਗੋਂ ਤੰਨਜ਼ ਕੱਸਦਿਆਂ ਜੋਬਨ ਰੰਧਾਵਾ ਦਾ ਕਹਿਣਾ ਹੈ ਕਿ ਪਿਛਲੀ ਵਾਰ ਇਨ੍ਹਾਂ ਦੀਆਂ 35 ਸੀਟਾਂ ਆਈਆਂ ਸਨ, ਜੋ ਘਟ ਕੇ 18 ਰਹਿ ਗਈਆਂ, ਜੇ ਇਸ ਨੂੰ ਇਹ ਤਰੱਕੀ ਸਮਝਦੇ ਹਨ ਤਾਂ ਰੱਬ ਰੋਜ਼ ਇਨ੍ਹਾਂ ਨੂੰ ਤਰੱਕੀਆਂ ਦੇਵੇ | ਰੰਧਾਵਾ ਦਾ ਕਹਿਣਾ ਹੈ ਕਿ ਇਹ ਬੁਖਲਾ ਗਏ ਹਨ ਅਤੇ ਇਨ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ | ਇਸੇ ਦਾ ਜਵਾਬ ਦਿੰਦਿਆਂ ਗੁੱਡੂ ਸੇਠ ਨੇ ਕਿਹਾ ਕਿ ਕੁਝ ਹੀ ਸਮਾਂ ਰਹਿ ਗਿਆ ਹੈ, ਇਹ ਸਾਰੇ ਪਿੰਗਲਵਾੜੇ ਵਿਚ ਨਜ਼ਰ ਆਉਣਗੇ | ਇਸ ਤਰ੍ਹਾਂ ਦੀ ਵਾਰਤਾਲਾਪ ਪਤਾ ਨਹੀਂ ਕਿੰਨੇ ਕੁ ਦਿਨ ਚੱਲੇਗੀ, ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਜਿੱਤਣ ਵਾਲੇ ਦਾ ਦਿਲ ਵੱਡਾ ਹੁੰਦਾ ਹੈ, ਇਸ ਕਰਕੇ ਇਕ ਧਿਰ ਨੂੰ ਇਹੋ ਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ |