ਗੁਰਦਾਸਪੁਰ, 2 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਨੇੜੇ ਰੇਤਾ ਨਾਲ ਭਰੀ ਟਿੱਪਰ ਦਾ ਅਚਾਨਕ ਟਾਇਰ ਫੱਟਣ ਕਾਰਨ ਟਿੱਪਰ ਬੇਕਾਬੂ ਹੋ ਕੇ ਸਫ਼ੈਦੇ ਦੇ ਦਰੱਖ਼ਤ ਨਾਲ ਜਾ ਟਕਰਾਈ | ਇਹ ਹਾਦਸਾ ਸਵੇਰੇ ਤੜਕਸਾਰ ਵਾਪਰਿਆ | ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪਰ ਟਿੱਪਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਇਸ ਸਬੰਧੀ ਟਿੱਪਰ ਚਾਲਕ ਗੁਰਸੇਵਕ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਹ ਦਰਿਆ ਰਾਵੀ ਕੀੜੀ ਤੋਂ ਰੇਤਾ ਭਰ ਕੇ ਮੁਕੇਰੀਆਂ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਚਾਵਾ ਨੇੜੇ ਪਹੁੰਚਿਆ ਤਾਂ ਟਿੱਪਰ ਦਾ ਅਚਾਨਕ ਟਾਇਰ ਫੱਟਣ ਨਾਲ ਟਿੱਪਰ ਸਫ਼ੈਦੇ 'ਚ ਜਾ ਵੱਜੀ, ਜਿਸ ਨਾਲ ਟਿੱਪਰ ਦਾ ਕਾਫ਼ੀ ਨੁਕਸਾਨ ਹੋਇਆ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਿਸ ਜਗਾ ਇਹ ਹਾਦਸਾ ਹੋਇਆ ਹੈ, ਉਥੇ ਨੀਵੀਂ ਉਤਰਾਈ ਹੋਣ ਕਾਰਨ ਪਹਿਲਾਂ ਵੀ ਇਕ ਨਿੱਜੀ ਬੱਸ ਤੇ ਹੋਰ ਵਾਹਨ ਟਕਰਾ ਕੇ ਨੁਕਸਾਨ ਕਰਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮਹਿਕਮਾ ਲੋਕ ਨਿਰਮਾਣ ਵਿਭਾਗ ਦੋਵੇਂ ਪਾਸੇ 5-5 ਫੁੱਟ ਸੜਕ ਦੀ ਚੌੜਾਈ ਕਰ ਦੇਵੇ ਤਾਂ ਹੋਰ ਹਾਦਸੇ ਹੋਣ ਤੋਂ ਬਚਾਅ ਹੋ ਸਕਦਾ ਹੈ |