ਗੁਰਦਾਸਪੁਰ, 2 ਜੂਨ (ਅਸ਼ੋਕ ਸ਼ਰਮਾ)-ਖਾਦ ਡੀਲਰਾਂ ਵਲੋਂ ਕਿਸਾਨਾਂ ਨੰੂ ਖਾਦਾਂ ਨਾਲ ਵਾਧੂ ਦਵਾਈਆਂ ਦੇਣ ਦੇ ਸਬੰਧ 'ਚ ਪੱਗੜੀ ਸੰਭਾਲ ਜੱਟਾ ਲਹਿਰ ਗੁਰਦਾਸਪੁਰ ਤੇ ਪੱਗੜੀ ਸੰਭਾਲ ਪੰਜਾਬ ਵਲੋਂ ਸਾਂਝੇ ਤੌਰ 'ਤੇ ਮੁੱਖ ਖੇਤੀਬਾੜੀ ਅਫ਼ਸਰ ਨੰੂ ਮੰਗ ਪੱਤਰ ਸੌਂਪ ਕੇ ਖਾਦ ਡੀਲਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਤੋਂ ਪਹਿਲਾਂ ਆਗੂਆਂ ਨੇ ਪਿੰਡ ਚਾਵਾ ਵਿਖੇ ਇਕੱਠੇ ਹੋ ਕੇ ਖਾਦ ਡੀਲਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਮੰਗ ਪੱਤਰ ਦੇਣ ਮੌਕੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਪੰਜਾਬ ਪ੍ਰਧਾਨ ਵਿਜੇ ਠਾਕੁਰ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸੀਨੀਅਰ ਆਗੂ ਸਰਬਜੀਤ ਸਿੰਘ ਲਾਲੀਆ, ਮੀਤ ਪ੍ਰਧਾਨ ਪੰਜਾਬ ਬਲਦੇਵ ਸਿੰਘ ਸੇਖਵਾਂ, ਲਖਜਿੰਦਰ ਸਿੰਘ ਭਟੀਆ, ਜਗਜੀਤ ਸਿੰਘ ਜੋਨੀ, ਜਗਦੇਵ ਸਿੰਘ ਠਾਕੁਰ, ਹਰਜੀਤ ਸਿੰਘ ਟੀਟਾ, ਬਲਜੀਤ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਭੈਣੀ ਪਸਵਾਲ, ਕਮਲਜੀਤ ਭੈਣੀ ਪਸਵਾਲ ਤੇ ਸੂਬਾ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਖਾਦ ਡੀਲਰ ਕਿਸਾਨਾਂ ਨੰੂ ਖਾਦ ਦੇਣ ਦੇ ਬਹਾਨੇ ਨਾਲ ਹੋਰ ਵਾਧੂ ਸਮਾਨ ਦੇ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ | ਉਨ੍ਹਾਂ ਨੇ ਖਾਦ ਡੀਲਰਾਂ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ | ਜਿਸ 'ਤੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੰੂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਖਾਦ ਡੀਲਰਾਂ ਦਾ ਲਾਇਸੈਂਸ ਰੱਦ ਨਾ ਕੀਤਾ ਤਾਂ ਸਬੰਧਿਤ ਵਿਭਾਗ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੁੱਖ ਖੇਤੀਬਾੜੀ ਅਫ਼ਸਰ ਦੀ ਹੋਵੇਗੀ |