28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ

ਅਜੀਤ ਡੈਸਕ 14-04-2026
ਬਟਾਲਾ, 13 ਅਪ੍ਰੈਲ (ਸਤਿੰਦਰ ਸਿੰਘ)- ਖ਼ਾਲਸਾ ਸਾਜਨਾ ਦਿਵਸ ਅਤੇ ਜਲਿਆਂਵਾਲਾ ਬਾਗ ਸ਼ਹਾਦਤ ਵਰ੍ਹੇਗੰਢ ਦੇ ਪਾਵਨ ਮੌਕੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਲੋਂ ਆਪਣੀਆਂ ਸਹਿਯੋਗੀ ਸੰਸਥਾ ਇੰਟੈਕ ਅੰਮਿ੍ਤਸਰ ਦੇ ਨਾਲ ਮਿਲ ਕੇ ਜਲਿਆਂਵਾਲਾ ਬਾਗ ਵਿਖੇ ਇਕ ਅਜਿਹਾ ਭਾਵਪੂਰਤ ਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਨੇ ਸ਼ਹੀਦਾਂ ਦੇ ਪਰਿਵਾਰਾਂ ਦੇ ਸੱਚੇ ਸਨਮਾਨ ਦੀ ਇਕ ਨਵੀਂ ਤੇ ਅਨੂਠੀ ਪਿਰਤ ਪਾਈ, ਉਹ ਸਨਮਾਨ ਜੋ ਦਹਾਕਿਆਂ ਤੋਂ ਸਰਕਾਰੀ ਸਮਾਰੋਹਾਂ ਵਿਚ ਉਨ੍ਹਾਂ ਨੂੰ ਨਹੀਂ ਮਿਲਿਆ ਸੀ | ਸਕੂਲ ਦੇ ਵਿਦਿਆਰਥੀਆਂ ਵਲੋਂ ਸਹਿਯੋਗੀ ਸੰਸਥਾਵਾਂ ਦੇ ਨਾਲ ਮਿਲ ਕੇ ਜਲਿਆਂਵਾਲਾ ਬਾਗ ਦੇ ਸ਼ਹੀਦ ਭਾਗ ਮੱਲ ਭਾਟੀਆ ਦੇ ਪਰਿਵਾਰਿਕ ਵਾਰਸ ਸ਼੍ਰੀਮਤੀ ਮੇਲੋਨੀ ਦੇਵੀ ਅਤੇ ਸ਼੍ਰੀ ਮਨੋਹਰ ਲਾਲ ਭਾਟੀਆ ਨੂੰ ਮੰਚ 'ਤੇ ਸੱਦ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਉਹੀ ਪਰਿਵਾਰ ਹੈ, ਜਿਸ ਦੀ ਵਿਧਵਾ ਬੀਬੀ ਅਤਰ ਕੌਰ ਨੇ ਅੰਗਰੇਜ਼ ਸਰਕਾਰ ਵਲੋਂ ਦਿੱਤੇ ਮੁਆਵਜ਼ੇ ਨੂੰ ਠੁਕਰਾ ਕੇ ਅਣਖ਼ ਤੇ ਸਵੈਮਾਣ ਦੀ ਉਹ ਮਿਸਾਲ ਕਾਇਮ ਕੀਤੀ ਸੀ | ਸਮਾਗਮ 'ਚ ਉਚੇਚੇ ਤੌਰ 'ਤੇ ਸ: ਨਵਦੀਪ ਸਿੰਘ ਸੂਰੀ ਪਧਾਰੇ, ਜੋ ਕਿ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਤੇ ਪੰਜਾਬੀ ਸਾਹਿਤ ਦੇ ਮਹਾਨ ਥੰਮ੍ਹ ਸ: ਨਾਨਕ ਸਿੰਘ ਦੇ ਪੋਤਰੇ, ਜੋ 13 ਅਪ੍ਰੈਲ 1919 ਦੇ ਉਸ ਕਾਲੇ ਦਿਨ ਇਸ ਭਿਆਨਕ ਕਤਲੇਆਮ ਦੇ ਚਸ਼ਮਦੀਦ ਗਵਾਹ ਸਨ ਤੇ ਜਿਨ੍ਹਾਂ ਨੇ ਉਸ ਦਰਦ ਨੂੰ ਆਪਣੀਆਂ ਅਮਰ ਰਚਨਾਵਾਂ 'ਖ਼ੂਨੀ ਵਿਸਾਖੀ' ਤੇ 'ਲਹੂ ਭਿੱਜੇ ਬੋਲ' ਵਿਚ ਸਦਾ ਲਈ ਅਮਰ ਕੀਤਾ | ਸ: ਨਵਦੀਪ ਸਿੰਘ ਸੂਰੀ ਨੇ ਆਪਣੇ ਦਾਦਾ ਜੀ ਦੀਆਂ ਇਨ੍ਹਾਂ ਰਚਨਾਵਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਇਸ ਸ਼ਹਾਦਤ ਦੀ ਦਾਸਤਾਨ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ | ਉਨ੍ਹਾਂ ਇਸ ਵਿਰਾਸਤ ਨੂੰ ਜਿਉਂਦਾ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਅਹਿਦ ਦਿਵਾਇਆ | ਇੰਟੈਕ ਅੰਮਿ੍ਤਸਰ ਦੇ ਕਨਵੀਨਰ ਸ: ਗਗਨਦੀਪ ਸਿੰਘ ਵਿਰਕ ਨੇ ਉਸ ਪਾਵਨ ਮਿੱਟੀ ਨੂੰ ਸਿਰ ਨਿਵਾ ਕੇ ਪ੍ਰਣਾਮ ਕਰਦੇ ਹੋਏ ਕਿਹਾ ਕਿ ਇਸ ਸਾਕੇ ਨੇ ਦੇਸ਼ ਵਾਸੀਆਂ ਵਿਚ ਨਵੀਂ ਰੂਹ ਫੂਕ ਦਿੱਤੀ ਅਤੇ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਯੋਧੇ ਇਸੇ ਮਿੱਟੀ ਦੀ ਦੇਣ ਸਨ | ਸਮਾਗਮ ਵਿਚ ਰਿਆੜਕੀ ਪਬਲਿਕ ਸਕੂਲ ਸਮੇਤ ਵੱਖ-ਵੱਖ ਸਕੂਲਾਂ ਦੇ ਲਗਪਗ 170 ਵਿਦਿਆਰਥੀ ਹਾਜ਼ਰ ਸਨ ਜਿਨ੍ਹਾਂ ਨੇ ਇਸ ਇਤਿਹਾਸਕ ਧਰਤੀ 'ਤੇ ਖੜ੍ਹ ਕੇ ਆਪਣੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਹਰ ਸਾਲ ਇਸ ਪਰੰਪਰਾ ਨੂੰ ਜਿਉਂਦਾ ਰੱਖਣ ਦਾ ਪੱਕਾ ਅਹਿਦ ਲਿਆ | ਸਮਾਗਮ ਨੂੰ ਵਾਇਸ ਆਫ ਅੰਮਿ੍ਤਸਰ, ਟਾਈਮਲੈਸ ਅੰਮਿ੍ਤਸਰ ਤੇ ਜਲਿਆਂਵਾਲਾ ਬਾਗ ਪ੍ਰਬੰਧਕੀ ਢਾਂਚੇ ਵਲੋਂ ਪੂਰਨ ਸਹਿਯੋਗ ਮਿਲਿਆ | ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਸੁਖਦੀਪ ਕੌਰ ਤੇ ਕੋਆਰਡੀਨੇਟਰ ਜਤਿੰਦਰ ਕੁਮਾਰ ਨੇ ਆਪਣੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਨੂੰ ਜਲਿਆਂਵਾਲਾ ਬਾਗ ਦੇ ਇਤਿਹਾਸਕ ਯਾਦਗਾਰੀ ਸਥਾਨਾਂ ਸੰਬੰਧੀ ਡੂੰਘੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ, ਸੇਵਾ ਮੁਕਤ ਪਿ੍ੰਸੀਪਲ ਹਰਿੰਦਰ ਕੌਰ ਰਿਆੜ, ਉੱਘੇ ਸਮਾਜ ਸੇਵਕ ਇੰਦੂ ਅਰੋੜਾ, ਸੀ.ਏ. ਦਵਿੰਦਰ ਸਿੰਘ, ਵਿਕਾਸ ਮੰਚ ਦੇ ਆਗੂ ਚਰਨਜੀਤ ਸਿੰਘ ਗੁਮਟਾਲਾ ਅਤੇ ਐਡਵੋਕੇਟ ਪਰਮਪਾਲ ਸਿੰਘ ਹੁੰਦਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਝੰਜੀਆਂ ਖੁਰਦ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲ੍ਹਾ ਬਣਾਉਣ ਦੀ ਮੰਗ ਲੈ ਕੇ ਰੋਸ ਪ੍ਰਦਰਸ਼ਨ 15 ਨੂੰ : ਪ੍ਰਧਾਨ ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।