04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਤਹਿਸੀਲ ਡੇਰਾ ਬਾਬਾ ਨਾਨਕ 'ਚ 29 ਪਟਵਾਰੀਆਂ ਦੀਆਂ ਆਸਾਮੀਆਂ ਖਾਲੀ ਹੋਣ ਕਰ ਕੇ ਸਮੇਂ ਸਿਰ ਨਹੀਂ ਹੋ ਰਹੇ ਕੰਮ

ਅਜੀਤ ਡੈਸਕ 11-04-2026
ਕੋਟਲੀ ਸੂਰਤ ਮੱਲ੍ਹੀ, 10 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਸੂਬੇ ਦੇ ਹਰ ਵਰਗ ਤੱਕ ਸਮੇਂ ਸਿਰ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਤੇ ਲੋਕਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਯਤਨਸ਼ੀਲ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ 'ਚ 29 ਪਟਵਾਰੀਆਂ ਦੀਆਂ ਆਸਾਮੀਆਂ ਖਾਲੀ ਹੋਣ ਕਰ ਕੇ ਲੋਕਾਂ ਨੂੰ ਆਪਣੇ ਕੰਮ-ਕਾਜ ਕਰਵਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਤੇ ਪਟਵਾਰੀ ਕੋਲੋਂ ਸਮੇਂ ਸਿਰ ਕੰਮ ਕਰਵਾਉਣਾ ਇਕ ਵੱਡੀ ਜੰਗ ਜਿੱਤਣ ਦੇ ਬਰਾਬਰ ਸਮਝਿਆ ਜਾਂਦਾ ਹੈ | ਇਸ ਸਬੰਧੀ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਤਹਿਸੀਲ ਡੇਰਾ ਬਾਬਾ ਨਾਨਕ ਅੰਦਰ 29 ਪਟਵਾਰੀ ਦੀਆਂ ਆਸਾਮੀਆਂ ਖਾਲੀ ਹਨ ਤੇ ਇਕ-ਇਕ ਪਟਵਾਰੀ ਕੋਲੋਂ 3-3, 4-4 ਸਰਕਲਾਂ ਦਾ ਵਾਧੂ ਚਾਰਜ ਹੋਣ ਕਰ ਕੇ ਲੋਕਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ ਤੇ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮ ਕਰਵਾਉਣ ਲਈ ਵੀ ਵੱਡੀ ਭੱਜ ਦੌੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਤਹਿਸੀਲ ਡੇਰਾ ਬਾਬਾ ਨਾਨਕ ਅੰਦਰ 123 ਪਿੰਡ ਆਉਂਦੇ ਹਨ ਜਿਨ੍ਹਾਂ ਨੂੰ 39 ਸਰਕਲਾਂ ਵਿਚ ਵੰਡਿਆ ਹੋਇਆ ਹੈ ਤੇ ਤਹਿਸੀਲ 'ਚ ਕੁੱਲ 39 ਪਟਵਾਰੀ ਦੀਆਂ ਆਸਾਮੀਆਂ ਹਨ, ਜਦੋਂ ਕਿ ਇਸ ਸਮੇਂ 10 ਦੇ ਕਰੀਬ ਪਟਵਾਰੀ ਹੀ ਕੰਮ ਕਰ ਰਹੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ 3-3, 4-4 ਸਰਕਲਾਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ, ਜਿਸ ਕਰ ਕੇ ਪਟਵਾਰੀਆਂ ਉਪਰ ਵੀ ਕੰਮ ਦਾ ਬਹੁਤ ਬੋਝ ਹੋਣ ਕਰ ਕੇ ਲੋਕਾਂ ਦੇ ਸਮੇਂ ਸਿਰ ਕੰਮ ਨਾ ਹੋਣ ਕਰ ਕੇ ਪਟਵਾਰੀ ਵੀ ਪ੍ਰੇਸ਼ਾਨੀ ਦੇ ਆਲਮ 'ਚ ਹਨ, ਜਦੋਂ ਕਿ ਸਰਕਲ ਰਾਏਚੱਕ 'ਚ ਪਿਛਲੇ 2 ਮਹੀਨਿਆਂ ਤੋਂ ਕੋਈ ਵੀ ਪਟਵਾਰੀ ਨਹੀਂ ਹੈ, ਜਿਸ ਕਰ ਕੇ ਲੋਕ ਬਹੁਤ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜ਼ਮੀਨਾਂ ਦੇ ਇੰਤਕਾਲ ਸਮੇਤ ਮਾਲ ਮਹਿਕਮੇ ਨਾਲ ਸਬੰਧਤ ਕਈ ਅਜਿਹੇ ਕੰਮ ਹਨ ਜਿਹੜੇ ਲੰਮੇ ਸਮੇਂ ਤੋਂ ਨਹੀਂ ਹੋ ਰਹੇ ਤੇ ਉਨ੍ਹਾਂ ਨੂੰ ਲਾਰੇ ਲਗਾ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਜਦੋਂ ਵੀ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਂਦਾ ਹੈ ਸਰਕਾਰ ਨਾਲ ਹੀ ਇੰਤਕਾਲ ਦੀ ਫ਼ੀਸ ਵਸੂਲ ਕਰ ਲੈਂਦੀ ਹੈ ਪਰ ਪਟਵਾਰੀ ਇੰਤਕਾਲ ਦਰਜ ਹੀ ਨਹੀਂ ਕਰਦੇ, ਜਿੰਨਾ ਚਿਰ ਉਨ੍ਹਾਂ ਨਾਲ ਮੇਲ-ਮਿਲਾਪ ਨਾ ਕੀਤਾ ਜਾਵੇ | ਇਸ ਸਬੰਧੀ ਸਰਪੰਚ ਬਲਬੀਰ ਸਿੰਘ ਰਾਏਚੱਕ, ਸਰਪੰਚ ਜਸਮੇਲ ਸਿੰਘ ਕੁਹਾਲੀ, ਸਰਪੰਚ ਮਨਦੀਪ ਕੌਰ ਸਮੇਤ ਮੁਹਤਬਰਾਂ ਨੇ ਦੱਸਿਆ ਕਿ ਸਰਕਲ ਰਾਏਚੱਕ ਦਾ ਕਿਸੇ ਵੀ ਪਟਵਾਰੀ ਪਿਛਲੇ 2 ਮਹੀਨਿਆਂ ਤੋਂ ਚਾਰਜ ਨਹੀਂ ਹੈ, ਜਿਸ ਕਰ ਕੇ ਉਨ੍ਹਾਂ ਦੇ ਬਹੁਤ ਕੰਮ ਨਹੀਂ ਹੋ ਰਹੀ ਤੇ ਕੁਝ ਕਿਸਾਨਾਂ ਦੀਆਂ ਰਜਿਸਟਰੀਆਂ ਵੀ ਨਹੀਂ ਹੋਈਆਂ, ਜਿਸ ਸਬੰਧੀ ਉਨ੍ਹਾਂ ਕਈ ਵਾਰ ਸਬੰਧਤ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਹੈ ਪਰ ਕੋਈ ਹੱਲ ਨਹੀਂ ਹੋ ਰਿਹਾ | ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਵੱਡੇ ਪੱਧਰ 'ਤੇ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਨੂੰ ਪੁਰ ਕਰਨ ਵਲ ਤਵੱਜੋਂ ਦਿੱਤੀ ਜਾਵੇ, ਜਦ ਕਿ ਪਟਵਾਰੀਆਂ ਦਾ ਕਹਿਣਾ ਹੈ ਕਿ ਜ਼ਮੀਨਾਂ ਦੇ ਇੰਤਕਾਲ, ਗਿਰਦਾਵਰੀ, ਕਿਸਾਨੀ ਲਿਮਟਾਂ, ਆੜ ਰਹਿਣ ਕਰਨੇ, ਰੈਜੀਡੈਂਸ, ਬਾਰਡਰ ਏਰੀਆ, ਆਮਦਨੀ ਸਰਟੀਫਿਕੇਟ ਬਣਾਉਣ ਸਮੇਤ ਹਰ ਰੋਜ਼ ਪਟਵਾਰੀ ਨੂੰ ਰੋਜ਼ਨਾਮਚਾ ਲਿਖਣਾ ਪੈਂਦਾ ਹੈ ਜਿਸ ਵਿਚ ਸਾਰਾ ਦਿਨ ਵਿਚ ਜਿਹੜੇ ਕੰਮ ਕੀਤੇ ਉਸ ਨੂੰ ਡੀਟੇਲ ਸਹਿਤ ਲਿਖਣਾ ਹੁੰਦਾ ਹੈ, ਜਿਸ ਕਰ ਕੇ ਪਟਵਾਰੀ ਉਪਰ ਕੰਮ ਦਾ ਬਹੁਤ ਬੋਝ ਹੈ | ਪਟਵਾਰੀ ਦਾ ਕਹਿਣਾ ਹੈ ਕਿ ਅਸਾਮੀਆਂ ਖਾਲੀ ਹੋਣ ਕਰ ਕੇ ਉਨ੍ਹਾਂ ਉਪਰ ਕੰਮ ਦਾ ਇੰਨਾਂ ਬੋਝ ਹੈ ਕਿ ਉਹ ਬਹੁਤ ਪ੍ਰੇਸ਼ਾਨੀ ਦੇ ਆਲਮ 'ਚ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਨਮ ਤੋਂ ਲੈ ਕੇ ਮੌਤ ਤੱਕ ਲੋਕਾਂ ਦੇ ਹਰ ਕੰਮ ਉਨ੍ਹਾਂ ਨੂੰ ਕਰਨੇ ਪੈਂਦੇ ਹਨ ਪਰ ਕੰਮ ਦਾ ਬੋਝ ਜ਼ਿਆਦਾ ਹੋਣ ਕਰ ਕੇ ਕਈ ਲੋਕਾਂ ਦੇ ਕੰਮ ਸਮੇਂ ਸਿਰ ਨਹੀਂ ਹੁੰਦੇ | ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਤਹਿਸੀਲ 'ਚ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਬੰਦ ਹੋ ਸਕੇ |
ਪਿਛਲੀ ਖ਼ਬਰ ਸਕੂਲਾਂ 'ਚ ਗੈਸ ਸਿਲੰਡਰ ਦੀ ਘਾਟ ਨੇ ਮਿਡ-ਡੇ-ਮੀਲ ਵਰਕਰਾਂ ਦੀਆਂ ਮੁਸ਼ਕਲਾਂ ਵਧਾਈਆਂ ਅਗਲੀ ਖ਼ਬਰ ਸੈਂਟਰਲ ਕਾਲਜ ਘੁਮਾਣ ਦੀ ਬੀ.ਕਾਮ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।