28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹਨੂੰਮਾਨ ਚੌਕ ਦੀ ਪਾਣੀ ਵਾਲੀ ਟੈਂਕੀ ਨਕਾਰਾ ਹੋਣ ਕਰਕੇ ਲੋਕ ਨਿਰਮਾਣ ਵਿਭਾਗ ਨੇ ਐਲਾਨੀ ਅਸੁਰੱਖਿਅਤ

ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਅਸ਼ੋਕ ਸ਼ਰਮਾ)-50 ਸਾਲ ਪਹਿਲਾਂ ਗੁਰਦਾਸਪੁਰ ਵਾਸੀਆਂ ਨੂੰ ਸਾਫ਼-ਸੁਥਰਾ ਪਾਣੀ ਸਪਲਾਈ ਕਰਨ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਲੱਖਾਂ ਰੁਪਏ ਖ਼ਰਚ ਕਰਕੇ ਟੈਂਕੀ ਦੀ ਉਸਾਰੀ ਕਰਵਾਈ ਸੀ ਜੋ ਲਗਪਗ 20 ਸਾਲਾ ਤੱਕ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਂਦੀ ਰਹੀ ਪਰ ਬਾਅਦ ਵਿਚ ਹੌਲੀ-ਹੌਲੀ ਨਕਾਰਾ ਹੋ ਗਈ ਅਤੇ ਹੁਣ 25 ਸਾਲਾ ਤੋਂ ਇਹ ਟੈਂਕੀ ਬੰਦ ਹੋਣ ਕਰਕੇ ਮਹਿਕਮੇ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ | ਇਸ ਸੰਬੰਧੀ ਸ਼ਹਿਰ ਵਾਸੀਆਂ ਤੇ ਨਗਰ ਸੁਧਾਰ ਟਰੱਸਟ ਦੀ ਮਾਰਕੀਟ 'ਚ ਕੰਮ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਮਹਿਕਮੇ ਵਲੋਂ ਟੈਂਕੀ ਵਿਚ ਪਾਣੀ ਛੱਡਿਆ ਜਾਂਦਾ ਸੀ ਤਾਂ ਸਾਰਾ ਪਾਣੀ ਲੀਕ ਹੋਣ ਕਰਕੇ ਦੁਕਾਨਾਂ ਅੱਗੇ ਖੜ੍ਹਾ ਹੋ ਜਾਂਦਾ ਸੀ ਤੇ ਮਹਿਕਮੇ ਨੇ ਇਸ ਨੂੰ ਕਈ ਵਾਰ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪਾਣੀ ਲੀਕ ਹੋਣ ਤੋਂ ਬੰਦ ਨਹੀਂ ਹੋਇਆ ਤੇ ਹੁਣ ਵਾਟਰ ਸਪਲਾਈ ਦੀ ਟੈਂਕੀ ਸ਼ਹਿਰ ਅੰਦਰ ਸ਼ੋਅਪੀਸ ਬਣ ਕੇ ਰਹਿ ਗਈ ਹੈ | ਉਨ੍ਹਾਂ ਦੱਸਿਆ ਕਿ ਟੈਂਕੀ ਨੂੰ ਚਲਾਉਣ ਲਈ ਪੱਕੇ ਮੁਲਾਜ਼ਮ ਵੀ ਰੱਖੇ ਹੋਏ ਸਨ ਜੋ ਸੇਵਾ-ਮੁਕਤ ਹੋਣ ਦੇ ਬਾਅਦ ਇਸ ਟੈਂਕੀ ਦੀ ਸਾਂਭ ਸੰਭਾਲ ਲਈ ਕੋਈ ਵੀ ਨਵਾਂ ਮੁਲਾਜ਼ਮ ਨਹੀਂ ਰੱਖਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਟੈਂਕੀ ਨੂੰ ਸ਼ੁਰੂ ਕਰਵਾਉਣ ਲਈ ਪੰਜਾਬ ਦੇ ਉੱਚ ਕੋਟੀ ਦੇ ਟੈਕਨੀਸ਼ੀਅਨ ਵੀ ਹੱਥ ਖੜ੍ਹੇ ਕਰ ਗਏ ਹਨ | ਇਹ ਟੈਂਕੀ ਆਬਾਦੀ ਵਿਚ ਹੋਣ ਕਰਕੇ ਇਸ ਦੇ ਇਕ ਪਾਸੇ ਨਗਰ ਸੁਧਾਰ ਟਰੱਸਟ ਦਾ ਦਫ਼ਤਰ ਅਤੇ ਦੂਜੇ ਪਾਸੇ ਸੜਕ 'ਤੇ ਨਾਲ ਲੱਗਦੀਆਂ ਦੁਕਾਨਾਂ ਸਥਿਤ ਹਨ, ਜਿਸ ਦੀ ਹਾਲਤ ਖਸਤਾ ਹੋ ਗਈ ਹੈ | ਇਸ ਨੂੰ 20 ਸਾਲ ਪਹਿਲਾਂ ਲੋਕ ਨਿਰਮਾਣ ਵਿਭਾਗ ਨੇ ਅਸੁਰੱਖਿਅਤ ਕਰਾਰ ਦੇ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮੌਕੇ ਦੀਆਂ ਸਰਕਾਰਾਂ ਦੇ ਧਿਆਨ ਹਿਤ ਲਿਆਉਣ ਦੇ ਬਾਵਜੂਦ ਹੱਲ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਟੈਂਕੀ ਦੇ ਬੰਦ ਹੋਣ ਨਾਲ ਲੋਕਾਂ ਨੇ ਮਜਬੂਰਨ ਵਾਟਰ ਸਪਲਾਈ ਦੇ ਕੁਨੈਕਸ਼ਨ ਕਟਵਾ ਦਿੱਤੇ, ਜਿਸ ਨਾਲ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਹਨੂੰਮਾਨ ਚੌਕ ਦੀ ਟੈਂਕੀ ਜੇ ਨਕਾਰਾ ਹੋ ਚੁੱਕੀ ਹੈ ਤਾਂ ਇਸ ਨੂੰ ਢਹਿ ਢੇਰੀ ਕਰਵਾ ਕੇ ਨਵੀਂ ਟੈਂਕੀ ਬਣਾਉਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾਣ | ਜ਼ਿਕਰਯੋਗ ਕਿ ਇਥੇ 50 ਹਾਰਸ ਪਾਵਰ ਦੀ ਲੱਗੀ ਮੋਟਰ ਵੀ ਗ਼ਾਇਬ ਹੈ | ਜਦੋਂ ਇਸ ਮਾਮਲੇ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਛੁੱਟੀ ਹੋਣ ਕਰਕੇ ਕਿਸੇ ਵੀ ਅਧਿਕਾਰੀ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ |
ਹਨੂੰਮਾਨ ਚੌਕ 'ਚ ਆਬਾਦੀ ਵਾਲੇ ਇਲਾਕੇ 'ਚ ਸਥਿਤ ਨਕਾਰਾ ਪਾਣੀ ਵਾਲੀ ਟੈਂਕੀ ਤੇ ਬੰਦ ਪਿਆ ਮੋਟਰ ਵਾਲਾ ਕਮਰਾ | ਤਸਵੀਰਾਂ: ਵਿਸ਼ਾਲ ਮੁੰਨਾ



ਪਿਛਲੀ ਖ਼ਬਰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ 'ਚ ਨਵੀਂ ਯੂਨੀਅਨ ਦਾ ਗਠਨ ਅਗਲੀ ਖ਼ਬਰ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ ਨੰਬਰਦਾਰ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।