ਘਰੋਟਾ, 31 ਮਾਰਚ (ਸੰਜੀਵ ਗੁਪਤਾ)-ਸਿੱਖਿਆ ਦੇ ਖੇਤਰ ਵਿਚ ਮਿਸਾਲ ਬਣਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਵਲੋਂ ਸਕੂਲ ਨੂੰ 'ਇਮਰਜਿੰਗ ਅਕੈਡਮਿਕ ਸਕੂਲ ਅਵਾਰਡ' ਅਤੇ 'ਹਾਈ ਪਰਫੋਰਮੈਂਸ ਸਕੂਲ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਮਾਣ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਮੌਜੂਦਗੀ ਵਿਚ ਸਕੂਲ ਮੁਖੀ ਨੂੰ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਤਜਿੰਦਰ ਪਾਲ ਸਿੰਘ ਨੇ ਗਰਵ ਨਾਲ ਕਿਹਾ ਕਿ ਇਹ ਉਪਲੱਬਧੀ ਸਿਰਫ਼ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਅਧਿਆਪਕ ਟੀਮ ਦੀ ਲਗਨ, ਮਿਹਨਤ ਅਤੇ ਸੱਚੀ ਨਿਭਾਵਟ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਚ ਗੁਣਵੱਤਾ ਵਾਲੀ ਸਿੱਖਿਆ, ਅਨੁਸ਼ਾਸਨ ਅਤੇ ਨਵੀਂ ਤਕਨੀਕ ਦੇ ਸਹੀ ਇਸਤੇਮਾਲ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ | ਉਨ੍ਹਾਂ ਮਾਪਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਵਿਚ ਦਾਖਲਾ ਦਿਵਾਉਣ ਅਤੇ ਸਰਕਾਰੀ ਸਕੂਲਾਂ 'ਤੇ ਭਰੋਸਾ ਬਣਾਈ ਰੱਖਣ | ਸਮਾਗਮ ਦੌਰਾਨ ਡਾਈਟ ਪਿ੍ੰਸੀਪਲ ਹਰਿੰਦਰ ਸੈਣੀ, ਡੀ.ਓ. (ਐਲੀ:) ਕਮਲਜੀਤ ਕੌਰ, ਡਿਪਟੀ ਡੀ.ਓ. ਦੁਰਯੋਧਨ, ਗੁਰਦਿਆਲ ਸਿੰਘ ਅਤੇ ਡੀ.ਆਰ.ਸੀ. ਵਨੀਤ ਮਹਾਜਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਉਨ੍ਹਾਂ ਸਕੂਲ ਦੀ ਪ੍ਰਾਪਤੀ ਦੀ ਭਰਪੂਰ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਹੋਰ ਸਕੂਲਾਂ ਲਈ ਪੇ੍ਰਰਨਾ ਸਾਬਤ ਹੋਵੇਗਾ |