ਪਠਾਨਕੋਟ, 31 ਮਾਰਚ (ਵਿਨੋਦ)-ਪੁਲਿਸ ਨੇ ਥਾਰ ਡਰਾਈਵਰਾਂ ਖ਼ਿਲਾਫ਼ ਇਕ ਨੌਜਵਾਨ ਨੂੰ ਮਾਰਨ ਦੇ ਇਰਾਦੇ ਨਾਲ ਥਾਰ ਗੱਡੀ ਹੇਠ ਕੁਚਲਨ ਦਾ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਮੋਹਿਤ ਟਾਂਕ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਵੇਕ ਮਹਾਜਨ, ਜੋ ਕਿ ਮਲਿਕਪੁਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਸ ਦੀ ਇਕ ਮਿਠਾਈ ਦੀ ਦੁਕਾਨ ਹੈ | ਉਸ ਦਾ ਭਰਾ ਮਨੀਸ਼ ਕੁਮਾਰ 26 ਮਾਰਚ ਨੂੰ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ | ਜਦੋਂ ਇਕ ਟਰੱਕ ਅਤੇ ਇਕ ਚਿੱਟੇ ਰੰਗ ਦਾ ਥਾਰ ਸੜਕ 'ਤੇ ਟਕਰਾ ਗਿਆ, ਤਾਂ ਟਰੱਕ ਡਰਾਈਵਰ ਅਤੇ ਥਾਰ ਗੱਡੀ ਵਿਚ ਸਵਾਰ ਨੌਜਵਾਨ 4, 5 ਬਹਿਸ ਕਰ ਰਹੇ ਸਨ | ਮੇਰੇ ਭਰਾ ਮਨੀਸ਼ ਕੁਮਾਰ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਾਂ ਥਾਰ ਗੱਡੀ ਵਿਚ ਸਵਾਰ ਨੌਜਵਾਨਾਂ ਨੇ ਮੇਰੇ ਭਰਾ ਨਾਲ ਲੜਾਈ ਸ਼ੁਰੂ ਕਰ ਦਿੱਤੀ | ਮੇਰਾ ਭਰਾ ਸੜਕ ਦੇ ਇਕ ਪਾਸੇ ਖੜ੍ਹਾ ਸੀ | ਮੇਰੇ ਭਰਾ ਨੂੰ ਮਾਰਨ ਦੇ ਇਰਾਦੇ ਨਾਲ ਥਾਰ ਗੱਡੀ ਵਿਚ ਸਵਾਰ ਨੌਜਵਾਨ ਮੇਰੇ ਭਰਾ 'ਤੇ ਚੜ੍ਹ ਗਏ ਅਤੇ ਜੰਮੂ ਵਾਲੇ ਪਾਸੇ ਭੱਜ ਗਏ | ਜਿਸ ਕਾਰਨ ਮੇਰੇ ਭਰਾ ਮੁਨੀਸ਼ ਕੁਮਾਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਉਸ ਦੇ ਸਿਰ ਵਿਚ ਵੀ ਗੰਭੀਰ ਸੱਟਾਂ ਲੱਗੀਆਂ | ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡੀ.ਐਮ.ਸੀ. ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਵਲੋਂ ਥਾਰ ਗੱਡੀ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |