ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)- ਸ੍ਰੀ ਗੁਰੂ ਰਵਿਦਾਸ ਚੌਕ ਤੋਂ ਜੋ ਸੜਕ ਖੇਤੀਬਾੜੀ ਯੂਨੀਵਰਸਿਟੀ ਰੇਲਵੇ ਰੋਡ ਨੰੂ ਜਾਂਦੀ ਹੈ, ਉਸ ਸੜਕ 'ਤੇ ਮਹਿਕਮੇ ਵਲੋਂ ਇੰਟਰਲਾਕ ਟਾਈਲ ਇਕ ਮਹੀਨੇ ਤੋਂ ਲਗਾਈ ਜਾ ਰਹੀ ਹੈ ਤੇ ਕੰਮ ਬਹੁਤ ਜ਼ਿਆਦਾ ਢਿੱਲੀ ਰਫਤਾਰ ਨਾਲ ਚੱਲਣ ਨਾਲ ਲੋਕਾਂ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਜਿੱਥੇ ਇੰਟਰਲਾਕ ਟਾਈਲ ਸੜਕ ਕੰਢੇ ਲਗਾਈ ਜਾ ਰਹੀ ਹੈ ਉਸ ਦੀ ਬਿਲਕੁਲ ਸਫਾਈ ਨਹੀਂ ਕੀਤੀ ਜਾ ਰਹੀ ਤੇ ਟਾਈਲਾਂ 'ਤੇ ਗੰਦਗੀ ਫੈਲੀ ਹੋਈ ਹੈ | ਇਸ ਸੰਬੰਧੀ ਸੇਵਾ-ਮੁਕਤ ਈ.ਟੀ.ਓ. ਨੇ ਦੱਸਿਆ ਕਿ ਇਸ ਸੜਕ 'ਤੇ ਸਵੇਰੇ ਤੇ ਸ਼ਾਮੀ ਲੋਕ ਕਾਫ਼ੀ ਸੈਰ ਕਰਦੇ ਹਨ | ਉਨ੍ਹਾਂ ਦੱਸਿਆ ਕਿ ਮਹਿਕਮੇ ਨੇ ਲੋਕਾਂ ਦੀ ਸਮੱਸਿਆ ਨੰੂ ਦੇਖਦੇ ਹੋਏ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਈਲਾਂ ਲਗਾਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਜੋ ਸ਼ਹਿਰ ਦੀ ਖੂਬਸੂਰਤੀ ਬਣ ਸਕੇ ਅਤੇ ਸੈਰ ਕਰਨ ਵਾਲੇ ਲੋਕ ਸੜਕ 'ਤੇ ਚੜ੍ਹਨ ਦੀ ਬਜਾਏ ਇਕ ਸਾਈਡ 'ਤੇ ਜਾ ਸਕਣ ਜਿਸ ਨਾਲ ਟ੍ਰੈਫਿਕ ਸਮੇਂ ਸੈਰ ਕਰਨ ਵਾਲੇ ਨੰੂ ਕੋਈ ਮੁਸ਼ਕਿਲ ਨਾ ਆ ਸਕੇ | ਉਨ੍ਹਾਂ ਦੱਸਿਆ ਕਿ ਇਹ ਕਾਰਜ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਸ਼ੁਰੂ ਹੋਇਆ ਸੀ ਤੇ ਕੰਮ ਢਿੱਲੀ ਰਫਤਾਰ ਨਾਲ ਚੱਲਣ ਨਾਲ ਲੋਕ ਕਾਫ਼ੀ ਦੁਖੀ ਹੋਏ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਰੋਡ 'ਤੇ ਲੱਗ ਰਹੀ ਇੰਟਰਲਾਕ ਟਾਈਲ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾਵੇ ਜਿਸ ਨਾਲ ਲੋਕ ਆ ਰਹੀਆਂ ਮੁਸ਼ਕਿਲਾਂ ਤੋਂ ਬਚ ਸਕਣ |