ਧਾਰੀਵਾਲ, 29 ਮਾਰਚ (ਸਵਰਨ ਸਿੰਘ)- ਅੱਜ ਬਲਾਕ ਧਾਰੀਵਾਲ-2 ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਡਡਵਾਂ ਤੇ ਭੰਡਾਲ ਵਿਖੇ ਬੱਚਿਆਂ ਦੀ ਪੜ੍ਹਾਈ ਨੂੰ ਰੋਚਕ ਬਨਾਉਣ ਲਈ 'ਹੱਥ ਨਾਲ ਬਣਾਈ ਸਿੱਖਿਆ ਸਮੱਗਰੀ' ਤਿਆਰ ਕਰਨ ਸਬੰਧੀ ਵਿਸ਼ੇਸ਼ ਗਤੀਵਿਧੀ ਕਰਵਾਈ ਗਈ | ਇਹ ਪ੍ਰੋਗਰਾਮ 'ਪ੍ਰਥਮ ਟੀਮ' ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚੜਿ੍ਹਆ | ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪ੍ਰਥਮ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੂਜਾ, ਸੁਨੀਤਾ ਦੇਵੀ ਤੇ ਪਿ੍ਅੰਕਾ ਨੇ ਅਹਿਮ ਭੂਮਿਕਾ ਨਿਭਾਈ ਤੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀ.ਆਰ.ਸੀ. ਸੁਖਮਨ ਸਿੰਘ ਕਾਹਲੋਂ ਤੇ ਬੀ.ਆਰ.ਸੀ. ਗੁਰਪਿੰਦਰ ਸਿੰਘ ਨੇ ਸਕੂਲਾਂ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਤੇ ਬੱਚਿਆਂ ਵਲੋਂ ਤਿਆਰ ਕੀਤੇ ਗਏ ਸਿੱਖਣ-ਸਿਖਾਉਣ ਦੇ ਸਾਮਾਨ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਤੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਹੱਥ ਲਿਖਤ ਤੇ ਸਥਾਨਕ ਸਮੱਗਰੀ ਤੋਂ ਬਣੇ ਮਾਡਲ ਬੱਚਿਆਂ ਨੂੰ ਔਖੇ ਵਿਸ਼ੇ ਸੌਖੇ ਤਰੀਕੇ ਨਾਲ ਸਮਝਾਉਣ 'ਚ ਬਹੁਤ ਸਹਾਈ ਹੁੰਦੇ ਹਨ | ਇਸ ਦੌਰਾਨ ਸੀ.ਐੱਚ.ਟੀ. ਬਲਵਿੰਦਰ ਸਿੰਘ ਤੇ ਸੀ.ਐੱਚ.ਟੀ. ਗੁਰਨਾਮ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਅਧਿਆਪਕਾਂ ਦੀ ਮਿਹਨਤ ਨੂੰ ਵੇਖਦਿਆਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਜਿਹੇ ਪ੍ਰਦਰਸ਼ਨ ਬਹੁਤ ਜ਼ਰੂਰੀ ਹਨ |