19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ : ਗੁਰਿੰਦਰ ਸਿੰਘ ਬਾਜਵਾ

ਅਜੀਤ ਡੈਸਕ 29-03-2026
ਬਟਾਲਾ, 28 ਮਾਰਚ (ਸਤਿੰਦਰ ਸਿੰਘ)- 29 ਮਾਰਚ 1849 ਦੀ ਸਵੇਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਲਾਹੌਰ ਦਰਬਾਰ ਉੱਪਰ ਖਾਲਸਾਈ ਝੰਡਾ ਝੂਲ ਰਿਹਾ ਸੀ | ਸੂਰਜ ਚੜ੍ਹਦੇ ਹੀ 10 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਕੋਲੋ ਅੰਗਰੇਜ਼ਾਂ ਨੇ ਸਿੱਖ ਰਾਜ ਇਹ ਕਹਿ ਕੇ ਲਿਆ ਸੀ ਕਿ ਜਦੋਂ ਮਹਾਰਾਜਾ ਬਾਲਗ ਹੋ ਜਾਵੋਗੇ ਤਾਂ ਤੁਹਾਡਾ ਰਾਜ ਵਾਪਸ ਦੇ ਦਿੱਤਾ ਜਾਵੇਗਾ | ਅੰਗਰੇਜ਼ਾਂ ਨੇ ਉਸੇ ਦਿਨ ਹੀ ਕਿਲ੍ਹੇ ਉਪਰੋਂ ਖਾਲਸਾ ਰਾਜ ਦਾ ਝੰਡਾ ਉਤਾਰ ਦਿੱਤਾ | 1854 ਵਿਚ ਜਦੋਂ ਮਹਾਰਾਜਾ ਦਲੀਪ ਸਿੰਘ ਬਾਲਗ ਹੋ ਗਿਆ ਤਾਂ ਅੰਗਰੇਜ਼ ਰਾਜ ਵਾਪਸ ਕਰਨ ਤੋਂ ਮੁਕਰ ਗਏ, ਕੌਮ ਅੱਜ ਤੱਕ ਉਸ ਖੁੱਸੇ ਸਿੱਖ ਰਾਜ ਨੂੰ ਵਾਪਸ ਲੈਣ ਲਈ ਸੰਘਰਸ਼ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਆਖਿਆ ਕਿ 1947 ਤੋਂ ਪਹਿਲਾਂ ਗਾਂਧੀ, ਨਹਿਰੂ ਤੇ ਪਟੇਲ ਨੇ ਸਿੱਖ ਲੀਡਰਾਂ ਨੂੰ ਇਸ ਗੱਲ 'ਤੇ ਭਰਮਾ ਲਿਆ ਕਿ ਤੁਸੀਂ ਹਿੰਦੁਸਤਾਨ ਨੂੰ
ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਉਣ ਲਈ ਸਾਡਾ ਸਾਥ ਦਿਓ, ਆਜ਼ਾਦੀ ਤੋਂ ਬਾਅਦ ਤੁਹਾਨੂੰ ਅਜਿਹਾ ਖਿੱਤਾ ਦਿੱਤਾ ਜਾਵੇਗਾ, ਜਿਸ ਵਿਚ ਤੁਸੀਂ ਆਪਣੀ ਸਵਤੰਤਰ ਹੋਂਦ ਕਾਇਮ ਰੱਖ ਸਕੋਗੇ | ਸਿੱਖ ਲੀਡਰਾਂ ਨੇ ਇਨ੍ਹਾਂ 'ਤੇ ਭਰੋਸਾ ਕਰ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਵਿਰੁੱਧ ਵੱਡੇ ਪੱਧਰ 'ਤੇ ਲੜਾਈ ਲੜੀ ਤੇ 80 ਪ੍ਰਤੀਸ਼ਤ ਕੁਰਬਾਨੀਆਂ ਸਿੱਖਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਦਿੱਤੀਆਂ | ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਆਪਣੇ ਕੀਤੇ ਵਾਅਦੇ ਮੁਤਾਬਕ ਸਿੱਖਾਂ ਨੂੰ ਆਜ਼ਾਦ ਖਿੱਤਾ ਦੇਣ ਦੀ ਗੱਲ ਯਾਦ ਕਰਵਾਈ ਤਾਂ ਨਹਿਰੂ ਨੇ ਮਾਸਟਰ ਜੀ ਨੂੰ ਆਖਿਆ ਕਿ ਤੁਸੀਂ ਹੁਣ ਉਹ ਗੱਲ ਭੁੱਲ ਜਾਓ, ਉਹ ਤਾਂ ਮੇਰੀ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਤੁਹਾਡੀ ਮਦਦ ਲੈਣਾ ਇਕ ਰਾਜਨੀਤਿਕ ਚਾਲ ਸੀ | ਹੁਣ ਤੁਸੀਂ ਜੇ ਆਜ਼ਾਦ ਖਿੱਤੇ ਦੀ ਮੰਗ ਕਰੋਗੇ ਤਾਂ ਤੁਹਾਡੇ ਨਾਲ ਸਖ਼ਤੀ ਵਰਤਾਂਗਾ | ਨਹਿਰੂ ਨੇ ਉਸ ਸਮੇਂ ਦੇ ਕਾਂਗਰਸੀ ਸਿੱਖ ਲੀਡਰਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ ਵੀ ਸਿੱਖ ਖਿੱਤੇ ਦੀ ਗੱਲ ਕਰੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਇਸ 'ਤੇ ਬਹੁਤ ਸਾਰੇ ਸਿੱਖ ਲੀਡਰ ਸਿੱਖ ਖਿੱਤੇ ਦੀ ਗੱਲ ਛੱਡ ਕੇ ਨਹਿਰੂ ਦੇ ਨਾਲ ਰਾਜਭਾਗ 'ਚ ਹਿੱਸੇਦਾਰ ਬਣ ਗਏ | ਸ: ਬਾਜਵਾ ਨੇ ਅੱਗੇ ਆਖਿਆ ਕਿ ਨਹਿਰੂ, ਗਾਂਧੀ ਤੇ ਪਟੇਲ ਸਿੱਖਾਂ ਨਾਲ ਜਿਹੜਾ ਵਾਅਦਾ ਕਰ ਕੇ ਮੁਕਰ ਗਏ ਸੀ, ਉਸ ਨੂੰ ਪੂਰਾ ਕਰਵਾਉਣ ਲਈ ਸਿੱਖ ਕੌਮ ਅੱਜ ਵੀ ਸੰਘਰਸ਼ ਕਰ ਰਹੀ ਹੈ | ਇਸ ਮੌਕੇ ਬਾਬਾ ਗੁਰਮੇਜ਼ ਸਿੰਘ ਦਾਬਾਂਵਲਾ, ਐਡਵੋਕੇਟ ਇੰਦਰਜੀਤ ਸਿੰਘ, ਜਸਵਿੰਦਰ ਸਿੰਘ ਕਥਾਵਾਚਕ, ਇੰਸਪੈਕਟਰ ਨਿਰਮਲ ਸਿੰਘ, ਸੁਖਦੇਵ ਸਿੰਘ ਜਰਮਨ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਪੰਜਾਬ ਬਚਾਓ' ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਵਿਸ਼ਾਲ ਰੈਲੀ ਅਗਲੀ ਖ਼ਬਰ ਅਕਾਲ ਹਸਪਤਾਲ ਬਣਿਆ ਬਟਾਲਾ ਲਈ ਵਰਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।