ਧਾਰਕਲਾਂ, 21 ਜਨਵਰੀ (ਨਰੇਸ਼ ਪਠਾਨੀਆ)-ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ ਦੁਨੇਰਾ-ਸੁਲਿਆਲੀ ਅੰਤਰਰਾਜ਼ੀ ਸੰਪਰਕ ਮਾਰਗ 'ਤੇ ਦੁਨੇਰਾ ਝਿਕਲਾ ਬਾਜ਼ਾਰ ਵਿਖੇ ਪਿਛਲੇ ਪੰਜ ਸਾਲਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਪੁਲੀ ਮਿੱਟੀ ਪੱਥਰ ਭਰ ਜਾਣ ਨਾਲ ਬੰਦ ਪਈ ਹੋਈ ਹੈ | ਜਿਸ ਕਾਰਨ ਆਉਣ ਜਾਣ ਵਾਲੇ ਲੋਕ ਤੇ ਸਥਾਨਕ ਦੁਕਾਨਦਾਰ ਕਾਫ਼ੀ ਪ੍ਰੇਸ਼ਾਨ ਹਨ | ਨਾਰਾਜ਼ ਲੋਕਾਂ ਨੇ ਅੱਜ ਲੋਕ ਨਿਰਮਾਣ ਵਿਭਾਗ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਰਾਕੇਸ਼ ਪਠਾਨੀਆ ਤੇ ਰਾਕੇਸ਼ ਸਲਾਰੀਆ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਪੁਲੀ ਕਈ ਸਾਲਾਂ ਤੋਂ ਬੰਦ ਪਈ ਹੋਈ ਹੈ | ਜਿਸ ਕਰਕੇ ਦੁਨੇਰਾ ਝਿਕਲਾ ਮਾਰਕੀਟ ਦੇ ਘਰਾਂ ਤੇ ਦੁਕਾਨਾਂ ਦਾ ਗੰਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਸੰਪਰਕ ਮਾਰਗ 'ਤੇ ਵਹਿ ਰਿਹਾ ਹੈ ਤੇ ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ ਤੇ ਗੰਦੇ ਪਾਣੀ ਨਾਲ ਭਰ ਜਾਣ ਨਾਲ ਵਾਹਨ ਚਾਲਕਾਂ ਨੰੂ ਟੋਇਆਂ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਹੋ ਪਾਉਂਦਾ ਤੇ ਕਈ ਦੋ ਪਹੀਆ ਵਾਹਨ ਚਾਲਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ | ਪੈਦਲ ਆਉਣ ਜਾਣ ਵਾਲੇ ਰਾਹਗੀਰ ਗੰਦੇ ਪਾਣੀ 'ਚੋਂ ਨਿਕਲਣ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਤੇਜ਼ ਗਤੀ ਨਾਲ ਗੁਜ਼ਰਦੇ ਵਾਹਨ ਟੋਇਆਂ 'ਚੋਂ ਲੰਘਦੇ ਹੋਏ ਗੰਦਾ ਪਾਣੀ ਰਾਹਗੀਰਾਂ 'ਤੇ ਉਛਾਲਦੇ ਜਾਂਦੇ ਹਨ | ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨੀ ਝੱਲ ਰਹੇ ਹਨ | ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਪੁਲੀ ਦੀ ਜਲਦ ਸਫ਼ਾਈ ਕਰਵਾਈ ਜਾਵੇ ਤੇ ਲੋਕਾਂ ਨੰੂ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ, ਨਹੀਂ ਤਾਂ ਭਵਿੱਖ ਵਿਚ ਉਹ ਵੱਡੇ ਪੱਧਰ 'ਤੇ ਮੁੱਖ ਸੜਕ 'ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਸ਼ਾਂਤੀ ਭਰਮੌਰੀਆ, ਗੁਰਜੀਤ ਸਿੰਘ, ਅਬੂ ਸਲਾਰੀਆ, ਸੰਜੂ, ਸੰਜੀਵ ਸਲਾਥੀਆ ਅਤੇ ਭੋਲੀਦੀਨ ਆਦਿ ਮੌਜੂਦ ਸਨ |