ਪਠਾਨਕੋਟ, 21 ਜਨਵਰੀ (ਸੰਧੂ)-ਪੰਜਾਬ ਪੁਲਿਸ ਵਲੋਂ ਪੂਰੇ ਸੂਬੇ 'ਚ ਗੈਂਗਸਟਰਾਂ ਦੇ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਪਠਾਨਕੋਟ ਵਲੋਂ ਜ਼ਿਲ੍ਹਾ ਪਠਾਨਕੋਟ 'ਚ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਪਿਛਲੇ 36 ਘੰਟਿਆਂ ਤੋਂ ਆਪ੍ਰੇਸ਼ਨ ਚਲਾਇਆ ਗਿਆ ਹੈ | ਜਿਸ ਤਹਿਤ 30 ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਕੁਝ ਰਿਕਵਰੀਆਂ ਵੀ ਕੀਤੀਆਂ ਗਈਆਂ ਹਨ | ਗੱਲਬਾਤ ਕਰਦੇ ਹੋਏ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬਦਮਾਸ਼ਾਂ ਤੇ ਗੈਂਗਸਟਰਾਂ ਦੇ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਪਠਾਨਕੋਟ 'ਚ ਵੱਡੇ ਪੱਧਰ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਬਦਮਾਸ਼ਾਂ ਦੀ ਇਕ ਸੂਚੀ ਬਾਰੇ ਵੀ ਦੱਸਿਆ ਕਿ ਇਕ ਸੂਚੀ ਤਿਆਰ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਤੇ ਜੇਕਰ ਕੋਈ ਵੀ ਬਦਮਾਸ਼ ਪੁਲਿਸ ਤੋਂ ਦੌੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸਾਰੇ ਗੈਂਗਸਟਰਾਂ, ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਤੁਰੰਤ ਪੁਲਿਸ ਅੱਗੇ ਸਰੈਂਡਰ ਕਰਨ | ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮਾੜੇ ਅਨਸਰਾਂ ਤੋਂ ਬਚਾਉਣ ਲਈ ਖ਼ੁਦ ਕੋਸ਼ਿਸ਼ ਵੀ ਕਰਨ ਜੋ ਕਿ ਇਕ ਗਲੋਰੀ ਦੇ ਚੱਕਰ ਦੇ ਵਿਚ ਬਦਮਾਸ਼ਾਂ ਨਾਲ ਜੁੜ ਜਾਂਦੇ ਹਨ |