ਫ਼ਤਹਿਗੜ੍ਹ ਸਾਹਿਬ, 23 ਜੂਨ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਹਲਕੇ ਭਰ ਦੇ ਵਿਚ ਲੋਕ ਮਿਲਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਪਿੰਡ ਭੱਟਮਾਜਰਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਵਧੀਆ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਨਹਿਰੀ ਪਾਣੀ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜਲਦ ਹੀ ਮਹਿਲਾਵਾਂ ਨੂੰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤਹਿਤ 1000 ਅਤੇ 1500 ਰੁਪਏ ਮੁਹੱਈਆ ਕਰਵਾਏ ਜਾਣਗੇ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਇਕ ਜੁਲਾਈ ਤੋਂ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਜਿਸ ਦੀ ਬਦੌਲਤ ਸੂਬੇ ਦੇ ਲੋਕ ਪੰਜਾਬ ਸਰਕਾਰ ਦੀਆਂ ਸਾਢੇ ਚਾਰ ਸਾਲ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ। ਇਸੇ ਲੜੀ ਦੇ ਤਹਿਤ ਉਹ ਹਲਕੇ ਦੇ ਵਿਚ ਲੋਕ ਮਿਲਣੀਆਂ ਕਰ ਰਹੇ ਹਨ ਤਾਂ ਜੋ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਦੇ ਨਾਲ ਵਿਚਾਰ ਕੇ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਂਝ ਤਾਂ ਬਹੁਤ ਸਾਰੇ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ, ਪਰ ਜੇਕਰ ਕੋਈ ਕਾਰਜ ਰਹਿੰਦੇ ਹਨ, ਜਿਹੜੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਏ, ਉਨ੍ਹਾਂ ਨੂੰ ਵੀ ਪਿੰਡ ਵਾਸੀ ਉਨ੍ਹਾਂ ਦੇ ਧਿਆਨ ਵਿਚ ਲਿਆ ਸਕਦੇ ਹਨ ਤਾਂ ਜੋ ਸਮੇਂ ‘ਤੇ ਉਸ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਪਿੰਡ ਵਾਸੀ ਅਸ਼ਵਨੀ ਸ਼ਰਮਾ ਨੇ ਕਿਹਾ ਵਿਧਾਇਕ ਰਾਏ ਵਲੋਂ ਸ਼ੁਰੂ ਕੀਤੀ ਲੋਕ ਮਿਲਣੀ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੇ ਨਾਲ ਪੰਜਾਬ ਸਰਕਾਰ ਅਤੇ ਆਮ ਲੋਕਾਂ ਵਿਚ ਤਾਲਮੇਲ ਵਧੇਗਾ ਅਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ। ‘ਆਪ’ ਦੀ ਸਰਕਾਰ ਸੂਬੇ ਦੀ ਉਹ ਪਹਿਲੀ ਸਰਕਾਰ ਹੈ, ਜਿਸ ਨੇ ਆਮ ਲੋਕਾਂ ਨਾਲ ਕੀਤੇ ਗਏ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਹਨ ਅਤੇ ਪੰਜਾਬ ਦੇ ਲੋਕ ਉਸ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡ. ਕੰਵਰਵੀਰ ਸਿੰਘ ਰਾਏ, ਸਰਪੰਚ ਮੋਹਨ ਸਿੰਘ, ਪੰਚ ਸੀਮਾ ਰਾਣੀ, ਬਲਜੀਤ ਕੌਰ, ਨਿਰਮਲ ਸਿੰਘ, ਹਰਮਿੰਦਰ ਸਿੰਘ (ਸਾਰੇ ਪੰਚ), ਵਿਸ਼ਵ ਨਾਥ, ਸਾਧੂ ਰਾਮ ਭੱਟਮਾਜਰਾ, ਰਮੇਸ਼ ਕੁਮਾਰ ਸੋਨੂੰ, ਮਨਦੀਪ ਪੋਲਾ, ਰਣਜੋਧ ਸਿੰਘ ਕੋਟਲਾ ਸੁਲੇਮਾਨ, ਦਿਲਬਾਗ ਸਿੰਘ, ਕੁਲਵਿੰਦਰ ਸਿੰਘ ਡੇਰਾ ਅਤੇ ਨੌਰੰਗ ਸਿੰਘ ਖਰੌਡ ਆਦਿ ਵੀ ਹਾਜ਼ਰ ਸਨ।