01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਤਿੰਨ ਨਗਰ ਕੌਂਸਲਾਂ ਵਿਚ ਆਮ ਆਦਮੀ ਪਾਰਟੀ ਦਾ ਬਹੁਮਤ ਨਾਲ ਕਬਜ਼ਾ

ਅਜੀਤ ਡੈਸਕ 30-05-2026
ਫ਼ਤਹਿਗੜ੍ਹ ਸਾਹਿਬ, 29 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੀਆਂ ਤਿੰਨ ਨਗਰ ਕੌਂਸਲਾਂ ਅਤੇ ਇਕ ਨਗਰ ਪੰਚਾਇਤ ਲਈ ਬੀਤੀ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਵੱਖ-ਵੱਖ ਕਾਊਟਿੰਗ ਕੇਂਦਰਾਂ 'ਤੇ ਪੂਰੇ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋ ਗਿਆ | ਜਾਣਕਾਰੀ ਮੁਤਾਬਿਕ ਵੱਖ-ਵੱਖ ਨਗਰ ਕੌਂਸਲਾਂ ਅਤੇ ਇਕ ਨਗਰ ਪੰਚਾਇਤ ਦੇ ਕੁਲ 80 ਵਾਰਡਾਂ ਲਈ ਚੋਣ ਲੜ ਰਹੇ 341 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਰ ਪੇਟੀਆਂ ਵਿਚ ਬੰਦ ਹੋ ਗਿਆ ਸੀ, ਜਿਸ ਸਬੰਧੀ ਅੱਜ ਐਲਾਨੇ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ 51 ਉਮੀਦਵਾਰ ਜੇਤੂ ਰਹੇ ਹਨ | ਜਦੋਂਕਿ ਕਾਂਗਰਸ ਦੇ 14, ਸ਼ੋ੍ਰਮਣੀ ਅਕਾਲੀ ਦਲ ਦੇ 4, ਭਾਜਪਾ ਦੇ 4 ਅਤੇ 7 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੀ 'ਏ' ਕਲਾਸ ਸ਼੍ਰੇਣੀ ਵਾਲੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 29 'ਚੋਂ 19 ਵਾਰਡਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੂਰੇ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ, ਜਦੋਂਕਿ ਕਾਂਗਰਸ ਪਾਰਟੀ ਨੂੰ 6, ਭਾਜਪਾ ਨੂੰ 3 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਹੈ | ਇਸੇ ਤਰ੍ਹਾਂ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਕੁੱਲ 23 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਨੇ 17 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਬਹੁਮਤ ਹਾਸਲ ਕਰ ਲਿਆ ਹੈ, ਜਦੋਂਕਿ ਕਾਂਗਰਸ ਪਾਰਟੀ ਦੇ 6 ਉਮੀਦਵਾਰ ਜੇਤੂ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਸਰਹਿੰਦ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਾਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਨਗਰ ਕੌਂਸਲ ਬਸੀ ਪਠਾਣਾਂ ਦੇ 15 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਇੱਥੇ ਵੀ ਪੂਰਨ ਬਹੁਮਤ ਹਾਸਲ ਕਰ ਲਿਆ ਹੈ | ਜਦੋਂਕਿ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ 1-1 ਸੀਟ ਮਿਲੀ ਹੈ ਅਤੇ 4 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ | ਇਸ ਤੋਂ ਇਲਾਵਾ ਨਗਰ ਪੰਚਾਇਤ ਖਮਾਣੋਂ ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 6 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ | ਜਦੋਂਕਿ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ 2-2 ਉਮੀਦਵਾਰ ਜੇਤੂ ਰਹੇ ਹਨ ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਨੇ ਦੱਸਿਆ ਵੱਖ-ਵੱਖ ਕਾਊਟਿੰਗ ਕੇਂਦਰਾਂ 'ਤੇ ਪੂਰੇ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਡਾ. ਥਿੰਦ ਨੇ ਨਵੇਂ ਚੁਣੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਲੋਕਾਂ ਵਲੋਂ ਉਨ੍ਹਾਂ ਨੂੰ ਕੌਂਸਲਰ ਦੇ ਰੂਪ ਵਿਚ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਅਮਲੋਹ 'ਚ ਅਮਨ-ਅਮਾਨ ਨਾਲ ਹੋਈ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ 'ਚ 'ਆਪ' ਦਾ ਪ੍ਰਚੰਡ ਬਹੁਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।