05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਨੇ ਰੇਲਵੇ ਦੇ ਨਿੱਜੀਕਰਨ ਵਿਰੁੱਧ ਸਰਹਿੰਦ ਸਟੇਸ਼ਨ 'ਤੇ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 11-04-2026
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਬਲਜਿੰਦਰ ਸਿੰਘ)-ਰੇਲਵੇ ਵਿਭਾਗ ਦੇ ਨਿੱਜੀਕਰਨ ਦੇ ਵਿਰੋਧ ਅਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ 'ਰੋਸ ਸਪਤਾਹ' ਦੀ ਲੜੀ ਵਜੋਂ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਰੇਲਵੇ ਕਰਮਚਾਰੀਆਂ ਵਲੋਂ ਸਰਹਿੰਦ ਰੇਲਵੇ ਸਟੇਸ਼ਨ 'ਤੇ ਕੇਂਦਰ ਸਰਕਾਰ ਅਤੇ ਰੇਲਵੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸ਼ਾਖਾ ਸਕੱਤਰ ਰਵੀ ਸ਼ੰਕਰ ਨੇ ਕਿਹਾ ਕਿ ਰੇਲਵੇ ਵਿਭਾਗ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਿਹਾ ਹੈ, ਜਿਸ ਕਾਰਨ ਰੇਲਵੇ ਕਰਮਚਾਰੀਆਂ ਵਿਚ ਗ਼ੁੱਸੇ ਤੇ ਰੋਸ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਦੇ ਬਾਵਜੂਦ, ਮੰਗਾਂ 'ਤੇ ਸਿਰਫ਼ ਭਰੋਸਾ ਦਿੱਤਾ ਜਾਂਦਾ ਰਿਹਾ ਹੈ, ਜ਼ਮੀਨੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤੀ ਰੇਲਵੇ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਦੀ ਪੂਰੀ ਤਿਆਰੀ ਕਰ ਲਈ ਹੈ | ਉਨ੍ਹਾਂ ਕਿਹਾ ਕਿ ਨਿਯਮਤ ਕੰਮ ਵੀ ਹੁਣ ਠੇਕੇਦਾਰਾਂ ਨੂੰ ਦਿੱਤਾ ਜਾ ਰਿਹਾ ਹੈ, ਜੋ ਕਿਰਤ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ | ਰੇਲਵੇ ਟਰੈਕ, ਸਿਗਨਲ, ਇੰਜਨ ਅਤੇ ਕੋਚ ਦੀ ਮੁਰੰਮਤ ਤੋਂ ਲੈ ਕੇ ਟਿਕਟ ਬੁਕਿੰਗ ਤੇ ਸਫ਼ਾਈ ਤੱਕ, ਸਾਰਿਆਂ ਨੂੰ ਠੇਕੇ 'ਤੇ ਦਿੱਤਾ ਜਾ ਰਿਹਾ ਹੈ, ਜੋ ਵਿਭਾਗ ਅਤੇ ਕਰਮਚਾਰੀਆਂ ਦੋਵਾਂ ਦੇ ਭਵਿੱਖ ਨਾਲ ਖਿਲਵਾੜ ਹੈ | ਇਸ ਮੌਕੇ 'ਤੇ ਸਹਾਇਕ ਸਕੱਤਰ ਮੁਕੇਸ਼ ਸਿੰਘ, ਮੀਨਾ, ਵਿਸ਼ਨੂੰ ਕੁਮਾਰ, ਉੱਤਮ ਗੁਪਤਾ, ਦੀਪਕ ਕੁਮਾਰ, ਵਿਪਿਨ ਕੁਮਾਰ, ਧਰਮਪਾਲ, ਪ੍ਰਭਾਕਰ ਕੁਮਾਰ, ਅਲਤਾਫ਼ ਅੰਸਾਰੀ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰ ਤੇ ਰੇਲਵੇ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਉਲੰਪਿਕ ਸੋਨ ਤਗਮਾ ਜੇਤੂ ਅਰਜੁਨ ਸਿੰਘ ਚੀਮਾ ਦੇ ਨਾਂਅ 'ਤੇ ਆਧੁਨਿਕ ਸ਼ੂਟਿੰਗ ਰੇਂਜ ਦਾ ਉਦਘਾਟਨ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ ਅਲੂਮਨੀ ਮੀਟ-2026 ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।