06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਵਲੋਂ ਕੱਲ੍ਹ ਦੀ ਮੁੱਖ ਮੰਤਰੀ ਰੈਲੀ ਦੇ ਵਿਰੋਧ ਦਾ ਐਲਾਨ

ਅਜੀਤ ਡੈਸਕ 05-04-2026
ਪਟਿਆਲਾ, 4 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨਾਲ ਮੀਟਿੰਗਾਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਮੁੱਕਰਨ ਦੇ ਮਾਮਲੇ 'ਤੇ ਗ਼ੁੱਸਾ ਜਤਾਇਆ ਗਿਆ ਹੈ | ਇਸ ਮੌਕੇ ਪਟਿਆਲਾ ਇਕਾਈ ਦੇ ਆਗੂਆਂ ਡਾ. ਮੁਹੰਮਦ ਸੁਹੇਲ, ਡਾ. ਪਰਮਜੀਤ, ਡਾ. ਕਰਮਜੀਤ, ਡਾ. ਅਨੁਜ ਗੁਪਤਾ ਤੇ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ''ਸਿੱਖਿਆ ਮੰਤਰੀ ਵਲੋਂ 2 ਅਪ੍ਰੈਲ ਨੂੰ ਰੱਖੀ ਮੀਟਿੰਗ ਨੂੰ ਮੁੜ ਮੁਲਤਵੀ ਕਰ ਦੇਣਾ ਬਹੁਤ ਹੀ ਨਿਰਾਸ਼ਾਜਨਕ ਅਤੇ ਗੈਰ-ਜ਼ਿੰਮੇਵਾਰਾਨਾ ਕਦਮ ਹੈ | ਇਹ ਸੱਤਵੀਂ ਵਾਰ ਹੈ ਜਦੋਂ ਸਾਨੂੰ ਚੰਡੀਗੜ੍ਹ ਬੁਲਾ ਕੇ ਖੱਜਲ-ਖੁਆਰ ਕੀਤਾ ਗਿਆ ਹੈ | ਆਗੂਆਂ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ 31 ਮਾਰਚ ਨੂੰ ਨੰਗਲ ਵਿਖੇ ਮੁੱਖ ਮੰਤਰੀ ਦੀ ਰੈਲੀ ਦੌਰਾਨ ਵਿਰੋਧ ਦਾ ਐਲਾਨ ਕੀਤਾ ਸੀ, ਜਿਸ ਦੇ ਦਬਾਅ ਹੇਠ ਪ੍ਰਸ਼ਾਸਨ ਵਲੋਂ 2 ਅਪ੍ਰੈਲ ਦੀ ਮੀਟਿੰਗ ਤੈਅ ਕਰਵਾਈ ਗਈ ਸੀ ਪਰ ਮੰਤਰੀ ਫਿਰ ਵੀ ਗੱਲਬਾਤ ਤੋਂ ਪਿੱਛੇ ਹਟ ਗਏ | ਇਸ ਤੋਂ ਪਹਿਲਾਂ ਵੀ ਛੇ ਵਾਰ ਇਸੇ ਤਰ੍ਹਾਂ ਦਾ ਰਵੱਈਆ ਅਪਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦਾ ਇਹ ਤਾਨਾਸ਼ਾਹੀ ਰਵੱਈਆ ਪੂਰਾ ਪੰਜਾਬ ਦੇਖ ਰਿਹਾ ਹੈ ਅਤੇ ਇਸ ਦਾ ਫ਼ੈਸਲਾ ਲੋਕ 2027 ਦੀਆਂ ਚੋਣਾਂ ਵਿਚ ਕਰਨਗੇ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਲਦ ਹੀ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਾਂ ਅਤੇ 'ਆਪ' ਸਰਕਾਰ ਨੂੰ ਹਰ ਮੋਰਚੇ 'ਤੇ ਘੇਰਿਆ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ 6 ਅਪ੍ਰੈਲ ਨੂੰ ਪਟਿਆਲਾ ਦਿਹਾਤੀ ਵਿਖੇ ਮੁੱਖ ਮੰਤਰੀ ਦੀ ਸੂਬਾ ਪੱਧਰੀ ਰੈਲੀ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ, ਜਿਸ ਵਿਚ ਪਟਿਆਲਾ ਤੋਂ 50-60 ਕਿੱਲੋਮੀਟਰ ਦੇ ਖੇਤਰ ਦੇ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਵੱਡੀ ਗਿਣਤੀ 'ਚ ਸ਼ਿਰਕਤ ਕਰਨਗੇ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਜਲਦੀ ਹੀ ਸਾਡੇ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਭੱਦਲਥੂਹਾ 'ਚ ਮਹਿਲਾ ਦੀ ਮੌਤ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਕੀਤਾ ਨਵੇਂ ਟਿਊਬਵੈੱਲ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।