ਫ਼ਤਹਿਗੜ੍ਹ ਸਾਹਿਬ, 26 ਮਾਰਚ (ਮਨਪ੍ਰੀਤ ਸਿੰਘ)-ਬਾਡੀ ਬਿਲਡਰਜ਼ ਐਸੋਸੀਏਸ਼ਨ ਸਰਹਿੰਦ ਦੀ ਇਕ ਮੀਟਿੰਗ ਜੀ.ਟੀ. ਰੋਡ ਸਰਹਿੰਦ ਵਿਖੇ ਹੋਈ, ਜਿਸ 'ਚ ਵੱਡੀ ਗਿਣਤੀ ਦੇ ਵਿਚ ਟਰੱਕ ਤੇ ਬੱਸ ਬਾਡੀ ਬਿਲਡਰਜ਼ ਪਹੁੰਚੇ ਤੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬਾਡੀ ਬਿਲਡਰਜ਼ ਐਸੋਸੀਏਸ਼ਨ ਨੇ ਵਿਧਾਇਕ ਰਾਏ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਦੱਸਿਆ ਤਾਂ ਵਿਧਾਇਕ ਰਾਏ ਵਲੋਂ ਭਰੋਸਾ ਦਿੱਤਾ ਕਿ ਬਾਡੀ ਬਿਲਡਰਜ਼ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਦੱਸਿਆ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਬਾਡੀ ਬਿਲਡਰਾਂ ਦੀਆਂ ਦੁਕਾਨਾਂ 'ਤੇ ਤਲਵਾਰ ਲਟਕਾਈ ਹੋਈ ਹੈ, ਜਿਸ ਦਾ ਹੱਲ ਕਰਵਾਉਣ ਦੇ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ | ਪੰਜਾਬ ਸਰਕਾਰ ਆਮ ਲੋਕਾਂ ਨੂੰ ਵਸਾਉਣ ਦੇ ਉਦੇਸ਼ ਨਾਲ ਕੰਮ ਕਰ ਰਹੀ ਹੈ, ਇਸ ਲਈ ਕਿਸੇ ਦਾ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਵਿਚ ਉਕਤ ਸਮੱਸਿਆ ਦਾ ਹੱਲ ਕਰਨ ਦੇ ਲਈ ਮੀਟਿੰਗਾਂ ਜਾਰੀ ਹਨ ਤੇ ਆਉਣ ਵਾਲੇ ਦਿਨਾਂ ਦੇ ਵਿਚ ਉਕਤ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ 28 ਮਾਰਚ ਨੂੰ ਹੋਣ ਵਾਲੀ ਰੈਲੀ ਦੇ ਸਬੰਧ ਵਿਚ ਵੀ ਰੱਖੀ ਗਈ ਸੀ ਤਾਂ ਜੋ ਸਾਡੇ ਸਹਿਯੋਗੀਆਂ ਨੂੰ ਉਕਤ ਰੈਲੀ ਦੇ ਵਿਚ ਸ਼ਾਮਿਲ ਹੋਣ ਦੇ ਲਈ ਸੱਦਾ ਦਿੱਤਾ ਜਾ ਸਕੇ | ਇਸ ਮੌਕੇ ਹਰਮੀਤ ਸਿੰਘ ਸੱਗੂ ਨੇ ਵਿਧਾਇਕ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਮੇ ਅਰਸੇ ਤੋਂ ਇਸ ਖ਼ਿੱਤੇ ਦੇ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਸੋਝੀ ਦੇ ਵਿਚ ਕਦੇ ਵੀ ਕਿਸੇ ਵਿਧਾਇਕ ਨੇ ਇਸ ਤਰ੍ਹਾਂ ਅੱਗੇ ਹੋ ਕੇ ਬਾਡੀ ਬਿਲਡਰਜ਼ ਦਾ ਪੱਖ ਨਹੀਂ ਰੱਖਿਆ | ਇਸ ਲਈ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਦੇ ਲਈ ਵਿਧਾਇਕ ਰਾਏ ਖਰੇ ਉੱਤਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਆਗੂ ਰਮੇਸ਼ ਕੁਮਾਰ ਸੋਨੂੰ, ਹਰਮੀਤ ਸਿੰਘ ਸੱਗੂ, ਬਲਵਿੰਦਰ ਸਿੰਘ, ਤਰਸੇਮ ਸਿੰਘ, ਮੇਹਰਪਾਲ ਵਿੱਕੀ ਮਣਕੂ, ਸੋਹਣ ਸਿੰਘ, ਪਵੇਲ ਹਾਂਡਾ, ਬਹਾਦਰ ਜਲਾਲ, ਬਲਜਿੰਦਰ ਗੋਲਾ ਅਤੇ ਪੀ.ਏ ਮਾਨਵ ਟਿਵਾਣਾ ਆਦਿ ਵੀ ਹਾਜ਼ਰ ਸਨ |