• ਪੁਲਿਸ ਵਲੋਂ ਗਿ੍ਫ਼ਤਾਰ ਕਰ ਕੇ ਮੁਕੱਦਮਾ ਦਰਜ, 2 ਦਿਨਾਂ ਪੁਲਿਸ ਰਿਮਾਂਡ ਮਿਲਿਆ
• ਸ਼੍ਰੋਮਣੀ ਅਕਾਲੀ ਦਲ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਰਾਏਕੋਟ, 26 ਮਾਰਚ (ਬਲਵਿੰਦਰ ਸਿੰਘ ਲਿੱਤਰ)-ਆਮ ਆਦਮੀ ਪਾਰਟੀ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਉਸ ਸਮੇਂ ਸਵਾਲੀਆ ਚਿੰਨ੍ਹ ਲੱਗਿਆ ਜਦੋਂ ਇਕ ਆਮ ਆਦਮੀ ਪਾਰਟੀ ਦੇ ਵਾਰਡ ਪੱਧਰ ਦੇ ਆਗੂ ਕੋਲੋਂ ਸੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਰਾਏਕੋਟ ਵਿਖੇ ਮੌਜੂਦ ਸੀ, ਜਿਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਉਰਫ਼ ਦੀਪੀ ਡਾਕਟਰ ਪੁੱਤਰ ਨਛੱਤਰ ਸਿੰਘ ਵਾਸੀ ਮੁਹੱਲਾ ਮੌਲਵੀਆਂ ਰਾਏਕੋਟ, ਜੋ ਸ਼ਹਿਰ ਰਾਏਕੋਟ ਵਿਚ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਦਾਣਾ ਮੰਡੀ ਰਾਏਕੋਟ ਵਿਖੇ ਨਸ਼ੀਲੀਆਂ ਗੋਲੀਆਂ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ | ਜੇਕਰ ਦਾਣਾ ਮੰਡੀ ਰਾਏਕੋਟ ਵਿਖੇ ਰੇਡ ਕੀਤੀ ਜਾਵੇ ਤਾਂ ਉਕਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ | ਜਿਸ 'ਤੇ ਏ.ਐੱਸ.ਆਈ ਕੁਲਦੀਪ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਉਕਤ ਜਗ੍ਹਾ 'ਤੇ ਜਾ ਕੇ ਦੇਖਿਆ ਤਾਂ ਉੱਥੇ ਮੌਜੂਦ ਗੁਰਦੀਪ ਸਿੰਘ ਉਰਫ਼ ਦੀਪੀ ਡਾਕਟਰ ਨੂੰ 609 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ 1400 ਰੁਪਏ ਭਾਰਤੀ ਕਰੰਸੀ ਅਤੇ ਮੋਬਾਈਲ ਫੋਨ ਮਾਰਕਾ 14 ਪ੍ਰੋ ਰੰਗ ਪਰਪਲ ਕਾਬੂ ਕੀਤਾ | ਜਿਸ ਤਹਿਤ ਕਾਰਵਾਈ ਕਰਦਿਆਂ ਧਾਰਾ 22/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇਸ ਮਾਮਲੇ ਵਿਚ ਕਾਬੂ ਵਿਅਕਤੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਉਸਦਾ 2 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ | ਦੱਸਣਯੋਗ ਹੈ ਕਿ ਗੁਰਦੀਪ ਸਿੰਘ ਦੀਪੀ ਡਾਕਟਰ ਆਮ ਆਦਮੀ ਪਾਰਟੀ ਦਾ ਸਰਗਰਮ ਆਗੂ ਹੈ, ਜਿਸਦੀ ਪਤਨੀ ਵਲੋਂ ਨਗਰ ਕੌਂਸਲ ਚੋਣਾਂ ਵਿਚ ਚੋਣ ਲੜੀ ਸੀ ਅਤੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਨਾਲ ਪਾਰਟੀ ਨੂੰ ਵੱਡਾ ਧੱਬਾ ਲੱਗਿਆ ਹੈ |
'ਆਪ' ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਲੱਗਿਆ ਗ੍ਰਹਿਣ ਰਾਏਕੋਟ ਦਾ 'ਆਪ' ਆਗੂ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਅਜੀਤ ਡੈਸਕ
27-03-2026