ਅਮਲੋਹ, 26 ਮਾਰਚ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਦੇ ਆਲੂ ਉਤਪਾਦਕਾਂ ਦੀ ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹਾਲਤ ਉੱਪਰ ਭਾਵੇਂ ਮੁੱਖ ਮੰਤਰੀ ਸਮੇਤ ਪੰਜਾਬ ਦੇ ਕਿਸੇ ਵੀ ਮੰਤਰੀ ਵਲੋਂ ਅਜੇ ਤੱਕ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ, ਪਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ੍ਹ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਕਰਵਾਈ ਰੈਲੀ ਤੋਂ ਬਾਅਦ ਅਜੀਤ ਨਾਲ ਇਸ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ ਮੀਡੀਏ ਤੋਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਇਸ ਸਾਲ ਪੰਜਾਬ ਦੇ ਆਲੂ ਉਤਪਾਦਕਾਂ ਦਾ ਸੈਂਕੜੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਝੂਠਾ ਵਿਖਾਵਾ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਅਤਿਅੰਤ ਗੰਭੀਰ ਮੁੱਦੇ ਤੋਂ ਪੂਰੀ ਤਰ੍ਹਾਂ ਨਾਲ ਅੱਖਾਂ ਮੀਚ ਲਈਆਂ ਗਈਆਂ ਹਨ | ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੇਕਰ ਕਿਸਾਨਾਂ ਨਾਲ ਰੱਤੀ ਭਰ ਵੀ ਮੋਹ ਹੁੰਦਾ ਤਾਂ ਉਹ ਆਲੂ ਦੀ ਹੋ ਰਹੀ ਬੇਕਦਰੀ ਨੂੰ ਰੋਕ ਸਕਦੀ ਸੀ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ, ਜਿਨ੍ਹਾਂ ਨੇ ਕਿਸਾਨਾਂ ਤੋਂ ਕੰਟਰੈਕਟ ਫਾਰਮਿੰਗ ਦੇ ਤਹਿਤ ਆਲੂ ਬਿਜਵਾਏ ਸਨ, ਉਹ ਫ਼ਸਲ ਤਿਆਰ ਹੋਣ ਤੋਂ ਬਾਅਦ ਇਸ ਨੂੰ ਖ਼ਰੀਦਣ ਤੋਂ ਮੁੱਕਰ ਗਈਆਂ | ਜਿਸ ਪ੍ਰਤੀ ਕਿਸਾਨਾਂ ਵਲੋਂ ਥਾਂ-ਥਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਪਰ ਇਨ੍ਹਾਂ ਸ਼ਿਕਾਇਤਾਂ 'ਤੇ ਕਿਤੇ ਵੀ ਕੋਈ ਕਾਰਵਾਈ ਨਹੀਂ ਹੋਈ | ਇਕ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹ ਇਕ ਲਾਭਕਾਰੀ ਮੁੱਲ ਉੱਪਰ ਪੰਜਾਬ ਦਾ ਆਲੂ ਖ਼ਰੀਦਦੇ ਤੇ ਇਸ ਨੂੰ ਸਟੋਰ ਕਰਕੇ ਬਾਅਦ ਵਿਚ ਆਟਾ-ਦਾਲ ਸਕੀਮ ਤਹਿਤ ਵੰਡ ਦਿੰਦੇ, ਜਿਸ ਨਾਲ ਆਲੂ ਦਾ ਭਾਅ ਬਾਜ਼ਾਰ ਨਿਸ਼ਚਿਤ ਤੌਰ 'ਤੇ ਸਥਿਰ ਹੋ ਜਾਂਦਾ |