ਰੈਲ ਮਾਜਰਾ ਨੇ ਛੇੜੀ ਹਿਸਾਬ ਦੀ ਜੰਗ, ਹੁਣ ਪਿੰਡ ਪੁੱਛੇਗਾ ਹਰ ਪੈਸੇ ਦਾ ਹਿਸਾਬ
ਕਾਠਗੜ੍ਹ, 22 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)- ਰੈਲ ਮਾਜਰਾ ਹੁਣ ਸਿਰਫ਼ ਇੱਕ ਪਿੰਡ ਨਹੀਂ ਰਿਹਾ, ਇਹ ਹੁਣ ਹਿਸਾਬ ਮੰਗਣ ਵਾਲੇ ਪੰਜਾਬ ਦੀ ਆਵਾਜ਼ ਬਣ ਗਿਆ ਹੈ। ਸਰਕਾਰੀ ਹਾਈ ਸਕੂਲ ਦੇ ਗਰਾਊਂਡ ’ਤੇ ਕਾਗਜ਼ਾਂ ਵਿੱਚ 25 ਲੱਖ ਰੁਪਏ ਦਾ ਸਟੇਡੀਅਮ ਦਿਖਾ ਦਿੱਤਾ ਗਿਆ, ਪਰ ਜਦੋਂ ਪਿੰਡ ਵਾਸੀਆਂ ਨੇ ਆਪਣੀਆਂ ਅੱਖਾਂ ਨਾਲ ਗਰਾਊਂਡ ਦੇਖਿਆ ਤਾਂ ਉੱਥੇ ਨਾ ਤਾਂ 25 ਲੱਖ ਦਾ ਕੰਮ ਦਿਸਿਆ, ਨਾ ਹੀ ਸਟੇਡੀਅਮ ਵਰਗੀ ਕੋਈ ਸ਼ਕਲ।
ਕਾਠਗੜ੍ਹ, 22 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)- ਰੈਲ ਮਾਜਰਾ ਹੁਣ ਸਿਰਫ਼ ਇੱਕ ਪਿੰਡ ਨਹੀਂ ਰਿਹਾ, ਇਹ ਹੁਣ ਹਿਸਾਬ ਮੰਗਣ ਵਾਲੇ ਪੰਜਾਬ ਦੀ ਆਵਾਜ਼ ਬਣ ਗਿਆ ਹੈ। ਸਰਕਾਰੀ ਹਾਈ ਸਕੂਲ ਦੇ ਗਰਾਊਂਡ ’ਤੇ ਕਾਗਜ਼ਾਂ ਵਿੱਚ 25 ਲੱਖ ਰੁਪਏ ਦਾ ਸਟੇਡੀਅਮ ਦਿਖਾ ਦਿੱਤਾ ਗਿਆ, ਪਰ ਜਦੋਂ ਪਿੰਡ ਵਾਸੀਆਂ ਨੇ ਆਪਣੀਆਂ ਅੱਖਾਂ ਨਾਲ ਗਰਾਊਂਡ ਦੇਖਿਆ ਤਾਂ ਉੱਥੇ ਨਾ ਤਾਂ 25 ਲੱਖ ਦਾ ਕੰਮ ਦਿਸਿਆ, ਨਾ ਹੀ ਸਟੇਡੀਅਮ ਵਰਗੀ ਕੋਈ ਸ਼ਕਲ। ਬਸ ਫਿਰ ਕੀ ਸੀ, ਪਿੰਡ ਦਾ ਸਬਰ ਟੁੱਟ ਗਿਆ ਅਤੇ ਹੁਣ ਪਿੰਡ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਹਿਸਾਬ ਹੋ ਕੇ ਰਹੇਗਾ। ਸਰਕਾਰੀ ਹਾਈ ਸਕੂਲ ਰੈਲ ਮਾਜਰਾ ਵਿਖੇ ਪਿੰਡ ਦਾ ਫੈਸਲਾਕੁੰਨ ਇਕੱਠ ਕੀਤਾ। ਇਹ ਕੋਈ ਆਮ ਧਰਨਾ ਨਹੀਂ, ਇਹ ਪਿੰਡ ਦੀ ਇੱਜ਼ਤ, ਪਿੰਡ ਦੇ ਬੱਚਿਆਂ ਦੇ ਭਵਿੱਖ ਅਤੇ ਪਿੰਡ ਦੇ ਹੱਕ ਦੀ ਲੜਾਈ ਦਾ ਐਲਾਨ ਹੈ। ਪਿੰਡ ਦੀਆਂ ਗਲੀਆਂ ਵਿੱਚ ਹੁਣ ਇੱਕੋ ਗੱਲ ਹੈ, 25 ਲੱਖ ਕਿੱਥੇ ਗਏ? ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਸੱਚਮੁੱਚ 25 ਲੱਖ ਲੱਗੇ ਹੁੰਦੇ ਤਾਂ ਗਰਾਊਂਡ ਦੀ ਤਸਵੀਰ ਹੀ ਬਦਲ ਜਾਣੀ ਸੀ। ਖਿਡਾਰੀਆਂ ਨੂੰ ਟਰੈਕ ਮਿਲਦਾ, ਬੱਚਿਆਂ ਨੂੰ ਖੇਡਣ ਲਈ ਸਹੂਲਤਾਂ ਮਿਲਦੀਆਂ, ਪਿੰਡ ਨੂੰ ਮਾਣ ਮਿਲਦਾ। ਪਰ ਅੱਜ ਹਾਲਤ ਇਹ ਹੈ ਕਿ ਗਰਾਊਂਡ ਉਸੇ ਤਰ੍ਹਾਂ ਪਿਆ ਹੈ ਅਤੇ ਫਾਇਲਾਂ ਵਿੱਚ ਪੈਸਾ ਖਰਚ ਦਿਖਾ ਦਿੱਤਾ ਗਿਆ ਹੈ। ਇਸੇ ਲਈ ਪਿੰਡ ਹੁਣ ਕਾਗਜ਼ੀ ਵਿਕਾਸ ਨਹੀਂ, ਜ਼ਮੀਨੀ ਹਿਸਾਬ ਮੰਗ ਰਿਹਾ ਹੈ। ਇਸ ਲੜਾਈ ਨੂੰ ਅਗਵਾਈ ਦੇ ਰਹੇ ਤੇਜੀ ਮਾਂਗਟ ਨੇ ਸਾਫ਼ ਕਰ ਦਿੱਤਾ ਕਿ ਇਹ ਲੜਾਈ ਕਿਸੇ ਇੱਕ ਵਿਅਕਤੀ, ਕਿਸੇ ਇੱਕ ਪਾਰਟੀ ਜਾਂ ਕਿਸੇ ਇੱਕ ਅਧਿਕਾਰੀ ਖ਼ਿਲਾਫ਼ ਨਹੀਂ ਹੈ। ਇਹ ਲੜਾਈ ਸਿਸਟਮ ਖ਼ਿਲਾਫ਼ ਹੈ, ਜਿੱਥੇ ਲੋਕਾਂ ਦੇ ਟੈਕਸ ਦਾ ਪੈਸਾ ਕਾਗਜ਼ਾਂ ਵਿੱਚ ਉੱਡ ਜਾਂਦਾ ਹੈ ਅਤੇ ਪਿੰਡ ਨੂੰ ਪਤਾ ਵੀ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਪਿੰਡ ਨੂੰ ਦਾਅਵੇ ਨਹੀਂ, ਰਸੀਦਾਂ ਚਾਹੀਦੀਆਂ ਹਨ। ਕਿੱਥੇ, ਕਦੋਂ, ਕਿਵੇਂ ਅਤੇ ਕਿਸ ਨੂੰ ਪੈਸਾ ਦਿੱਤਾ ਗਿਆ, ਸਭ ਕੁਝ ਸਾਹਮਣੇ ਆਉਣਾ ਚਾਹੀਦਾ ਹੈ। ਇਸ ਮੁੱਦੇ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਰੈਲ ਮਾਜਰਾ ਨੇ ਪਾਰਟੀਬਾਜ਼ੀ ਦੀਆਂ ਸਾਰੀਆਂ ਕੰਧਾਂ ਤੋੜ ਦਿੱਤੀਆਂ ਹਨ। ਇੱਕ ਮੰਚ ’ਤੇ ਤੇਜੀ ਮਾਂਗਟ ਮਿਸਲ ਸਤਲੁਜ, ਕੁੰਵਰ ਜਗਵੀਰ ਸਿੰਘ ਸਹੂੰਗੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ, ਇੰਦਰਜੀਤ ਸਿੰਘ ਧਾਮੀ, ਰਣਬੀਰ ਚੇਚੀ ਬਲਾਚੌਰ ਸਮੇਤ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋਏ। ਸਭ ਦਾ ਇੱਕੋ ਨਾਅਰਾ ਸੀ, ਪਿੰਡ ਪਹਿਲਾਂ, ਪਾਰਟੀ ਬਾਅਦ ਵਿੱਚ। ਰੋਸ ਪ੍ਰਦਰਸ਼ਨ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਇਹ ਲੜਾਈ ਪਿੰਡ ਤੋਂ ਨਿਕਲ ਕੇ ਹਲਕੇ ਅਤੇ ਜ਼ਿਲ੍ਹੇ ਤੱਕ ਜਾਵੇਗੀ ਅਤੇ ਅਗਲਾ ਪ੍ਰੋਗਰਾਮ ਇਸ ਤੋਂ ਵੀ ਵੱਡਾ ਹੋਵੇਗਾ। ਇਸ ਦੌਰਾਨ ਥਾਣਾ ਕਾਠਗੜ੍ਹ ਦੇ ਥਾਣਾ ਇੰਸਪੈਕਟਰ ਕਮਲ ਤਨੇਜਾ ਅਤੇ ਚੌਂਕੀ ਆਸਰੋਂ ਦੇ ਇੰਚਾਰਜ ਏ.ਐਸ.ਆਈ. ਸਿਕੰਦਰ ਪਾਲ ਸਮੇਤ ਪੁਲਿਸ ਪਾਰਟੀ ਵੱਡੀ ਗਿਣਤੀ ਵਿੱਚ ਮੌਜੂਦ ਰਹੀ। ਪੁਲਿਸ ਦੀ ਮੌਜੂਦਗੀ ਵਿੱਚ ਪੂਰਾ ਪ੍ਰਦਰਸ਼ਨ ਸ਼ਾਂਤੀਪੂਰਨ ਤੇ ਅਨੁਸ਼ਾਸਨ ਵਿੱਚ ਰਿਹਾ।