17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਓਵਰਲੋਡ ਟਿੱਪਰ ਬਣੇ ਜਾਨ ਦਾ ਖ਼ਤਰਾ, ਪਿਛਲੇ ਦਿਨਾਂ ’ਚ ਪੰਜ ਕੀਮਤੀ ਜਾਨਾਂ ਗਈਆਂ

ਔੜ, 16 ਅਕਤੂਬਰ (ਗੁਰਨਾਮ ਸਿੰਘ ਸੈਣੀ)-ਔੜ ਤੇ ਆਸ-ਪਾਸ ਦੇ ਇਲਾਕਿਆਂ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਧੜੱਲੇ ਨਾਲ ਦੌੜ ਰਹੇ ਓਵਰਲੋਡ ਟਿੱਪਰ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਇਨ੍ਹਾਂ ਭਾਰੀ ਵਾਹਨਾਂ ਨਾਲ ਵਾਪਰੇ ਹਾਦਸਿਆਂ ਵਿਚ ਪੰਜ ਕੀਮਤੀ ਜਾਨਾਂ ਜਾ ਚੁੱਕੀਆਂ ਹਨ , ਜਿਸ ਕਾਰਨ ਇਲਾਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ।

ਔੜ ਇਲਾਕੇ ਵਿਚ ਦੌੜਦੇ ਹੋਏ ਓਵਰਲੋਡ ਟਿੱਪਰਾਂ ਦੀ ਆਵਾਜਾਈ ਦਾ ਦ੍ਰਿਸ਼। ਤਸਵੀਰ : ਗੁਰਨਾਮ ਸਿੰਘ ਸੈਣੀ 17-10-2026
ਔੜ, 16 ਅਕਤੂਬਰ (ਗੁਰਨਾਮ ਸਿੰਘ ਸੈਣੀ)-ਔੜ ਤੇ ਆਸ-ਪਾਸ ਦੇ ਇਲਾਕਿਆਂ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਧੜੱਲੇ ਨਾਲ ਦੌੜ ਰਹੇ ਓਵਰਲੋਡ ਟਿੱਪਰ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਇਨ੍ਹਾਂ ਭਾਰੀ ਵਾਹਨਾਂ ਨਾਲ ਵਾਪਰੇ ਹਾਦਸਿਆਂ ਵਿਚ ਪੰਜ ਕੀਮਤੀ ਜਾਨਾਂ ਜਾ ਚੁੱਕੀਆਂ ਹਨ , ਜਿਸ ਕਾਰਨ ਇਲਾਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ। ਲੋਕਾਂ ਅਨੁਸਾਰ ਨਿਰਧਾਰਤ ਸਮਰੱਥਾ ਤੋਂ ਵੱਧ ਸਾਮਾਨ ਲੱਦ ਕੇ ਚੱਲਣ ਵਾਲੇ ਟਿੱਪਰਾਂ ਦੀ ਆਵਾਜਾਈ ਦਿਨ-ਰਾਤ ਜਾਰੀ ਹੈ। ਭਾਰੀ ਲੋਡ ਕਾਰਨ ਇਨ੍ਹਾਂ ਵਾਹਨਾਂ ਨੂੰ ਕਾਬੂ ਕਰਨਾ ਤੇ ਐਮਰਜੈਂਸੀ ਦੀ ਸਥਿਤੀ ਵਿਚ ਸਮੇਂ ਸਿਰ ਬਰੇਕ ਲਗਾਉਣਾ ਮੁਸ਼ਕਿਲ ਹੁੰਦਾ ਹੈ। ਇਸ ਕਾਰਨ ਦੁਪਹੀਆ ਵਾਹਨ ਚਾਲਕਾਂ, ਹੋਰ ਵਾਹਨਾਂ ਤੇ ਰਾਹਗੀਰਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਟਿੱਪਰਾਂ ’ਚੋਂ ਮਿੱਟੀ ਜਾਂ ਹੋਰ ਸਾਮਾਨ ਸੜਕ ’ਤੇ ਡਿੱਗਣ ਕਾਰਨ ਵੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਟਿੱਪਰਾਂ ’ਤੇ ਨੰਬਰ ਪਲੇਟਾਂ ਨਾ ਹੋਣ ਜਾਂ ਨੰਬਰ ਸਪੱਸ਼ਟ ਨਾ ਹੋਣ ਦੀਆਂ ਸ਼ਿਕਾਇਤਾਂ ਹਨ। ਅਜਿਹੇ ਵਾਹਨਾਂ ਦੀ ਪਛਾਣ ਤੇ ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿਚ ਜਵਾਬਦੇਹੀ ਤੈਅ ਕਰਨਾ ਮੁਸ਼ਕਿਲ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜ ਜਾਨਾਂ ਜਾਣ ਮਗਰੋਂ ਵੀ ਜੇਕਰ ਭਾਰੀ ਵਾਹਨਾਂ ਦੀ ਜਾਂਚ ਤੇ ਨਿਗਰਾਨੀ ਪ੍ਰਭਾਵਸ਼ਾਲੀ ਢੰਗ ਨਾਲ ਨਾ ਕੀਤੀ ਗਈ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਲੋਕਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁੱਖ ਸੜਕਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਟਿੱਪਰਾਂ ਦੇ ਲੋਡ, ਨੰਬਰ ਪਲੇਟਾਂ ਤੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ। ਨਿਰਧਾਰਤ ਸਮਰੱਥਾ ਤੋਂ ਵੱਧ ਲੋਡ ਲਿਜਾਣ ਵਾਲੇ ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਇਲਾਕਾ ਵਾਸੀਆਂ ਨੇ ਭਾਰੀ ਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਲਈ ਪ੍ਰਸ਼ਾਸਨ ਵਲੋਂ ਸਮਾਂ ਨਿਰਧਾਰਤ ਕਰਨ ਦੀ ਮੰਗ ਕੀਤੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਸੜਕ ਸੁਰੱਖਿਆ ਲਈ ਸਿਰਫ਼ ਹਾਦਸੇ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਹੀ ਸਖ਼ਤ ਨਿਗਰਾਨੀ ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਓਵਰਲੋਡ ਟਿੱਪਰਾਂ ’ਤੇ ਸ਼ਿਕੰਜਾ ਕੱਸਿਆ ਜਾਵੇ ਤੇ ਆਮ ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।
ਪਿਛਲੀ ਖ਼ਬਰ ਕਣਕ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਸਮੇਂ ਸਿਰ ਪ੍ਰਬੰਧਨ ਜ਼ਰੂਰੀ-ਡਾ. ਰਮਨਦੀਪ ਕੌਰ ਅਗਲੀ ਖ਼ਬਰ ਰਾਹੋਂ ਦਾਣਾ ਮੰਡੀ ਵਿਚ ਝੋਨੇ ਦੀ ਆਮਦ ਤੇਜ਼, ਚੁਕਾਈ ਦੀ ਸੁਸਤ ਰਫ਼ਤਾਰ ਕਾਰਨ ਆੜ੍ਹਤੀਏ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।