09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨਸ਼ਿਆਂ ਖ਼ਿਲਾਫ਼ ਨਵਾਂਸ਼ਹਿਰ ਨੇ ਭਰੀ ਹੂੰਕਾਰ, ਲੋਕ ਭਲਾਈ ਸੇਵਾ ਸੁਸਾਇਟੀ ਦੀ ਮੁਹਿੰਮ ਨੇ ਜਗਾਈ ਨਵੀਂ ਉਮੀਦ

ਅਜੀਤ ਡੈਸਕ 28-07-2026

ਚੇਤਨਾ ਮਾਰਚ ਕੱਢ ਕੇ ਦਿੱਤਾ ਸਮਾਜਿਕ ਏਕਤਾ ਦਾ ਸੁਨੇਹਾ
ਨਵਾਂਸ਼ਹਿਰ, 27 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਨਸ਼ਿਆਂ ਦੀ ਮਾਰ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣ ਲਈ ਲੋਕ ਹੁਣ ਖੁਦ ਮੈਦਾਨ ਵਿੱਚ ਉਤਰਦੇ ਨਜ਼ਰ ਆ ਰਹੇ ਹਨ। ਇਸੇ ਤਹਿਤ ਲੋਕ ਭਲਾਈ ਸੇਵਾ ਸੁਸਾਇਟੀ ਵੱਲੋਂ ਨਵਾਂਸ਼ਹਿਰ ਵਿੱਚ ਕਰਵਾਇਆ ਗਿਆ ਵਿਸ਼ਾਲ ਨਸ਼ਾ ਵਿਰੋਧੀ ਚੇਤਨਾ ਮਾਰਚ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਜਦੋਂ ਸੈਂਕੜੇ ਲੋਕਾਂ ਨੇ ਨਸ਼ਿਆਂ ਖ਼ਿਲਾਫ਼ ਇੱਕ ਸੁਰ ਵਿੱਚ ਆਵਾਜ਼ ਬੁਲੰਦ ਕੀਤੀ ਤਾਂ ਪੂਰਾ ਮਾਹੌਲ ਜਾਗਰੂਕਤਾ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੁਸਾਇਟੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਨੇ ਕਿਹਾ ਕਿ ਨਸ਼ਾ ਅੱਜ ਪੰਜਾਬ ਦੇ ਭਵਿੱਖ ਲਈ ਸਭ ਤੋਂ ਵੱਡੀ ਚੁਣੌਤੀ ਬਣ ਚੁੱਕਾ ਹੈ। ਜੇਕਰ ਸਮਾਜ ਸਮੇਂ ਸਿਰ ਇਕੱਠਾ ਨਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਭਾਰੀ ਖਾਮਿਆਜ਼ਾ ਭੁਗਤਣਾ ਪਵੇਗਾ। ਚੇਤਨਾ ਮਾਰਚ ਵਿੱਚ ਨੌਜਵਾਨਾਂ, ਵਿਦਿਆਰਥੀਆਂ, ਮਹਿਲਾਵਾਂ, ਸਮਾਜ ਸੇਵੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜੋਸ਼ ਨਾਲ ਹਿੱਸਾ ਲਿਆ। ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ੍ਹ ਕੇ ਭਾਗੀਦਾਰਾਂ ਨੇ ਨਾਅਰੇ ਲਗਾਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ। ਇਸ ਮੌਕੇ ਡੀ.ਐਸ.ਪੀ. ਪੰਕਜ ਸ਼ਰਮਾ ਸਬ ਡਵੀਜ਼ਨ ਨਵਾਂਸ਼ਹਿਰ ਤੇ ਐਸ.ਐਚ.ਓ. ਚੌਧਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਅਤੇ ਲੋਕਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਤੇ ਰੁਜ਼ਗਾਰ ਵੱਲ ਅੱਗੇ ਵਧਣ ਦਾ ਸੱਦਾ ਦਿੱਤਾ। ਪੰਜਾਬ ਪ੍ਰੈੱਸ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਤ੍ਰਿਪਾਠੀ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਪੰਜਾਬ ਲਈ ਉਮੀਦ ਦੀ ਨਵੀਂ ਕਿਰਨ ਹਨ। ਇਸ ਮੌਕੇ ਕੁਲਵਿੰਦਰ ਸਿੰਘ ਭਾਰਟਾ, ਐਸ. ਐਚ. ਓ. ਅਵਤਾਰ ਸਿੰਘ ਥਾਣਾ ਸਿਟੀ, ਗਗਨਦੀਪ ਗਰਚਾ, ਅਵਤਾਰ ਫਾਬੜਾ, ਹਰਮਿੰਦਰ ਸਿੰਘ ਪਿੰਟੂ, ਡਾ. ਰਾਮ, ਬਿਸ਼ਨ ਦਾਸ, ਅਵਤਾਰ ਸਿੰਘ, ਸੰਤੋਖ ਤਾਜਪੁਰੀ, ਪਲਵੀਰ ਸਿੰਘ, ਹਰਬੰਸ ਲਾਲ, ਸੰਦੀਪ ਕੁਮਾਰ, ਗਗਨ ਰਾਹੋਂ, ਰਸਨਦੀਪ, ਮਦਨ ਲਾਲ, ਬਿਕਰਮਜੀਤ ਸਿੰਘ ਅਤੇ ਮਹਿੰਦਰ ਜੋਸ਼ੀ ਸਮੇਤ ਕਈ ਸਮਾਜ ਸੇਵੀ ਤੇ ਇਲਾਕਾ ਨਿਵਾਸੀ ਹਾਜ਼ਰ ਰਹੇ।

ਪਿਛਲੀ ਖ਼ਬਰ ਏ.ਐੱਸ.ਆਈ. ਸਿਕੰਦਰ ਪਾਲ ਨੇ ਸੰਭਾਲਿਆ ਆਸਰੋਂ ਚੌਕੀ ਦੇ ਇੰਚਾਰਜ ਵਜੋਂ ਅਹੁਦਾ ਅਗਲੀ ਖ਼ਬਰ ਵਿਧਾਇਕ ਹੈਪੀ ਨੇ ਸਰਕਾਰੀ ਬਹੁ ਤਕਨੀਕੀ ਕਾਲਜ ਰਾਣਵਾਂ ਨੂੰ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।