ਬੰਗਾ, 23 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਜੀਵਨ ਦੀ ਸੁਰੱਖਿਆ ਲਈ ਵੱਖ-ਵੱਖ ਰੂਪਾਂ ’ਚ ਧਰਤੀ ’ਤੇ ਜੀਵਨ ਨੂੰ ਪਾਲਣ ਵਾਲੇ ਰੁੱਖਾਂ ਨਾਲ ਪਿਆਰ ਕਰਨਾ ਸਮੇਂ ਦੀ ਪਹਿਲੀ ਲੋੜ ਹੈ। ਸਾਨੂੰ ਰਿਸ਼ਤੇ ਜੋੜਣ ਦੀ ਲੋੜ ਹੈ। ਇਹਨਾਂ ਰੁੱਖਾਂ ਨਾਲ ਰਿਸ਼ਤੇ ਬਣਾਕੇ ਰੱਖਣ ਨਾਲ ਹੀ ਧਰਤੀ ’ਤੇ ਜੀਵਨ ਸਲਾਮਤ ਰਹਿ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ ਕਰਨ ਹਸਪਤਾਲ ਵਿਖੇ ਹਸਪਤਾਲ ਦੇ ਸੰਸਥਾਪਕ ਡਾ. ਬਖਸ਼ੀਸ਼ ਸਿੰਘ ਵਲੋਂ ਕੀਤਾ ਗਿਆ। ਉਹ ਹਸਪਤਾਲ ਵਿਖੇ ਵਣ-ਮਹਾਂ ਉਤਸਵ ਮਨਾਉਣ ਮੌਕੇ ਲੋਕਾਂ ਦੇ ਨਾਂ ਸੁਨੇਹਾ ਸਾਂਝਾ ਕਰ ਰਹੇ ਸਨ। ਉਹਨਾਂ ਕਿਹਾ ਇਹ ਰਿਸ਼ਤੇ ਸਾਨੂੰ ਨਵੇਂ ਬੂਟੇ ਲਾਉਣ ਅਤੇ ਪੁਰਾਣਿਆਂ ਦੀ ਸੰਭਾਲ ਕਰਕੇ ਨਿਭਾਉਣੇ ਚਾਹੀਦੇ ਹਨ। ਡਾ. ਬਖਸ਼ੀਸ਼ ਸਿੰਘ ਨੇ ਬੰਗਾ ਹਲਕੇ ਭਰ ਅੰਦਰ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਵਲੋਂ ਰੁੱਖਾਂ ਦੀ ਸੰਭਾਲ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਸਾਨੂੰ ਧਾਰਮਿਕ ਆਸਥਾ ਵਾਂਗ ਕੁਦਰਤ ਦੇ ਅਨਮੋਲ ਖ਼ਜ਼ਾਨੇ ਰੁੱਖਾਂ ਦੀ ਸੇਵਾ ਵਿੱਚ ਬਣਦੇ ਫ਼ਰਜ਼ ਨਿਭਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਮਿਸ਼ਨ ਲਈ ਵਿੱਦਿਅਕ ਅਦਾਰਿਆਂ ਅੰਦਰ ਵਿਦਿਆਰਥੀ ਵਰਗ ਨੂੰ ਵਲੰਟੀਅਰ ਵਜੋਂ ਭੂਮਿਕਾ ਅਦਾ ਕਰਨ ਦੀ ਪ੍ਰੇਰਨਾ ਦਿੰਦਿਆਂ ਵੱਡੀ ਲਹਿਰ ਖੜ੍ਹੀ ਕੀਤੀ ਜਾ ਸਕਦੀ ਹੈ। ਇਸ ਮੌਕੇ ਉਹਨਾਂ ਹਸਪਤਾਲ ਦੇ ਕੰਪਲੈਕਸ ਵਿਖੇ ਫ਼ਲਦਾਰ ਅਤੇੇ ਛਾਂਦਾਰ ਬੂਟੇ ਲਾਏ। ਇਹਨਾਂ ਦੀ ਸੰਭਾਲ ਲਈ ਹਸਪਤਾਲ ਦੇ ਕਰਮਚਾਰੀਆਂ ਨੂੰ ਜਿੰਮੇਵਾਰੀ ਸੌਂਪੀ। ਇਸ ਮੌਕੇ ਡਾ. ਬਲਵੀਰ ਕੌਰ, ਨਰਿੰਦਰ ਕੁਮਾਰ ਮੱਲਪੋਤਾ, ਸੁਰਿੰਦਰ ਕੁਮਾਰ ਰਾਏ ਬੰਗਾ, ਰਜਨੀ ਸੋਤਰਾਂ, ਬੀਬੀਤਾ ਬੈਂਸਾਂ, ਚਮਨ ਲਾਲ ਹੱਪੋਵਾਲ, ਸੰਜੀਵ ਕੁਮਾਰ ਅਟਾਰੀ ਆਦਿ ਸ਼ਾਮਲ ਸਨ।