08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਰੁੱਖ ਤੇ ਮਨੁੱਖ ਦਾ ਰਿਸ਼ਤਾ ਆਦਿ ਕਾਲ ਤੋਂ ਹੈ -ਚੋਪੜਾ

ਅਜੀਤ ਡੈਸਕ 25-06-2026

ਰਾਹੋਂ, 24 ਜੂਨ (ਉਂਕਾਰ ਸਿੰਘ ਰਾਠੌਰ)-ਰਾਹੋਂ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਕਸਦ ਨਾਲ ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਸੁਸਾਇਟੀ ਵੱਲੋਂ ਹੁਣ ਤੱਕ ਕਰੀਬ 10 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਬੂਟੇ ਵੱਡੇ ਰੁੱਖਾਂ ਦਾ ਰੂਪ ਧਾਰ ਚੁੱਕੇ ਹਨ। ਜਿਵੇਂ ਕਿ ਨੀਲੋਵਾਲ ਰੋਡ, ਸ਼ਮਸ਼ਾਨ ਭੂਮੀ, ਰੀਜੈਂਸੀ ਪਾਰਕ, ਰੇਲਵੇ ਸਟੇਸ਼ਨ, ਦਿੱਲੀ ਗੇਟ ਤੋਂ ਮਾਛੀਵਾੜਾ ਰੋਡ, ਫਿਲੌਰ ਰੋਡ, ਬਾਪੂ ਕੁੰਭਦਾਸ ਗੇਟ, ਡਾ. ਭੀਮ ਰਾਓ ਅੰਬੇਡਕਰ ਪਾਰਕ, ਜਾਡਲਾ ਟੀ. ਪੁਆਇੰਟ ਅਤੇ ਸਰਕਾਰੀ ਸਕੂਲਾਂ ਦੇ ਆਲੇ-ਦੁਆਲੇ ਲਗਾਏ ਗਏ ਬੂਟੇ ਅੱਜ ਛਾਂਦਾਰ ਰੁੱਖ ਬਣ ਕੇ ਵਾਤਾਵਰਨ ਦੀ ਸੇਵਾ ਕਰ ਰਹੇ ਹਨ। ਵਾਤਾਵਰਨ ਸੇਵਾ ਸੁਸਾਇਟੀ ਦੀ ਇਸ ਨਿਰਸਵਾਰਥ ਸੇਵਾ ਤੋਂ ਪ੍ਰਭਾਵਿਤ ਹੋ ਕੇ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਬਾਬੂ ਦਿਨੇਸ਼ ਚੋਪੜਾ ਨੇ ਸੁਸਾਇਟੀ ਦੀ ਟੀਮ ਨੂੰ ਲਕਸ਼ਮੀ ਰਾਇਸ ਮਿੱਲ ਵਿਖੇ ਸੱਦਾ ਦਿੱਤਾ ਅਤੇ ਵਾਤਾਵਰਨ ਸੰਭਾਲ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਸੁਸਾਇਟੀ ਦੇ ਕੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦਿ ਕਾਲ ਤੋਂ ਹੈ। ਪੁਰਾਣੇ ਸਮਿਆਂ ਵਿੱਚ ਲੋਕ ਰੁੱਖਾਂ ਦੀ ਪੂਜਾ ਅਤੇ ਰਾਖੀ ਕਰਦੇ ਸਨ, ਪਰ ਅੱਜ ਬੇਤਹਾਸ਼ਾ ਕਟਾਈ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ ਕਿਉਂਕਿ ਇਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਆਕਸੀਜਨ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਹਰ ਨਾਗਰਿਕ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਗਾਉਣ ਅਤੇ ਉਸ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਪਿਛਲੇ ਦਿਨੀਂ ਵਾਤਾਵਰਨ ਸੇਵਾ ਸੁਸਾਇਟੀ ਵੱਲੋਂ ਰੇਲਵੇ ਸਟੇਸ਼ਨ ਰਾਹੋਂ ਵਿਖੇ ਖਰਾਬ ਪਏ ਨਲਕੇ ਦੀ ਮੁਰੰਮਤ ਕਰਵਾਈ ਗਈ ਸੀ, ਜਿਸ ‘ਤੇ ਕਰੀਬ 10 ਹਜ਼ਾਰ ਰੁਪਏ ਦਾ ਖਰਚਾ ਆਇਆ। ਇਸ ਸਮੂਹ ਰਕਮ ਦਾ ਭੁਗਤਾਨ ਬਾਬੂ ਦਿਨੇਸ਼ ਚੋਪੜਾ ਵੱਲੋਂ ਕੀਤਾ ਗਿਆ। ਇਸ ਨੇਕ ਉਪਰਾਲੇ ਲਈ ਸੁਸਾਇਟੀ ਵੱਲੋਂ ਦਿਨੇਸ਼ ਚੋਪੜਾ ਨੂੰ ਸਿਰੋਪਾਓ ਅਤੇ ਸਜਾਵਟੀ ਬੂਟਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਨਗਰ ਕੌਂਸਲ ਵਾਤਾਵਰਨ ਸੇਵਾ ਸੁਸਾਇਟੀ ਨਾਲ ਮਿਲ ਕੇ ਵਾਤਾਵਰਨ ਸੰਭਾਲ ਲਈ ਹਰ ਸੰਭਵ ਸਹਿਯੋਗ ਦੇਵੇਗੀ। ਇਸ ਮੌਕੇ ਡਾ. ਸੁਨੀਲ ਸੱਭਰਵਾਲ, ਮੰਗਤ ਰਾਏ ਚੋਪੜਾ, ਜੀਤ ਰਾਮ ਹਿਆਲਾ, ਪਵਨ ਕਸ਼ਯਪ, ਰਾਮ ਸਾਹਿਲ, ਸੋਹਣ ਸਿੰਘ ਭੱਟੀ, ਗੁਰਦੇਵ ਬੱਤਰਾ, ਡਾ. ਰਮੇਸ਼ ਚੋਪੜਾ, ਅਨਿਲ ਕੁਮਾਰ ਚੁੱਘ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੌਬੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਪਿਛਲੀ ਖ਼ਬਰ ਔੜ ’ਚ ਜਨਤਕ ਥਾਵਾਂ ’ਤੇ ਤੰਬਾਕੂ ਅਤੇ ਸਿਗਰਟਨੋਸ਼ੀ ਕਰਨ ਵਾਲਿਆ ਦੇ ਕੀਤੇ ਚਲਾਨ ਅਗਲੀ ਖ਼ਬਰ ਪੰਜਾਬ ਦਾ ਖੇਤੀ ਸੈਕਟਰ ਤਬਾਹੀ ਕੰਢੇ -ਕਰਨ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।