ਕਾਠਗੜ੍ਹ, 2 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਪਿੰਡ ਰੈਲਮਾਜਰਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਰੈਲਮਾਜਰਾ ਐਚ. ਪੀ. ਪੈਟਰੋਲ ਪੰਪ ਨਜ਼ਦੀਕ ਐਕਸੀਡੈਂਟ ਹੋ ਗਿਆ ਹੈ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਇਕ ਸਪਲੈਂਡਰ ਮੋਟਰਸਾਈਕਲ ਨੂੰ ਪੀ. ਬੀ 10 ਸੀ. ਓ 9225 ਜਿਸ ਨੂੰ ਕਿ ਵਿਸ਼ਾਲ ਕਟਾਰੀਆ ਪੁੱਤਰ ਰਾਮ ਕਿ੍ਸ਼ਨ ਵਾਸੀ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਅਤੇ ਇਸ ਦੇ ਮਗਰ ਇਸ ਦਾ ਦੋਸਤ ਨਿਤਿਨ ਪੁੱਤਰ ਕਸ਼ਮੀਰ ਸਿੰਘ ਵਾਸੀ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਬੈਠਾ ਸੀ | ਇਹ ਮੋਟਰਸਾਈਕਲ ਬਲਾਚੌਰ ਸਾਇਡ ਤੋਂ ਰੋਪੜ ਸਾਈਡ ਜਾ ਰਿਹਾ ਸੀ ਜਦੋਂ ਇਹ ਮੋਟਰਸਾਈਕਲ ਪੈਟਰੋਲ ਪੰਪ ਨਜ਼ਦੀਕ ਸਰਵਿਸ ਰੋਡ ਤੋਂ ਮੇਨ ਹਾਈਵੇ 'ਤੇ ਚੜ੍ਹਨ ਲੱਗੇ ਤਾਂ ਪਿੱਛੋਂ ਦੀ ਆ ਰਹੀ ਇਕ ਸਵਿਫਟ ਡਿਜ਼ਾਇਰ ਯੂ. ਪੀ 32 ਸੀ ਐਕਸ 2691 ਜਿਸ ਨੂੰ ਸਾਕਿਦ ਪੁੱਤਰ ਰਿਆਜ਼ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੋਨੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਦੀ ਐਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਰੋਪੜ ਲਿਜਾਇਆ | ਹਾਦਸੇ 'ਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ | ਐਸ. ਐਸ. ਐਫ. ਦੀ ਟੀਮ ਵਲੋਂ ਮੋਟਰਸਾਈਕਲ ਤੇ ਕਾਰ ਚੌਕੀ ਆਂਸਰੋ ਦੇ ਹਵਾਲੇ ਕੀਤੇ ਗਏ ਅਤੇ ਰੋਡ ਕਲੀਅਰ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ |